ਮੋਹਾਲੀ,(ਪਰਦੀਪ) - ਨਜ਼ਦੀਕੀ ਪਿੰਡ ਲਾਂਡਰਾਂ ਵਿਚ ਗਰੀਬੀ ਤੋਂ ਤੰਗ ਬੇਰੁਜ਼ਗਾਰ ਇਕ ਨਸ਼ੇੜੀ ਬਾਪ ਨੇ ਆਪਣੇ ਦੋ ਨਾਬਾਲਿਗ ਬੇਟਿਆਂ ਨੂੰ ਜ਼ਹਿਰ ਦੇਣ ਤੋਂ ਬਾਅਦ ਖੁਦ ਵੀ ਜ਼ਹਿਰੀਲਾ ਪਦਾਰਥ ਖਾ ਲਿਆ, ਜਿਸ ਕਾਰਨ ਤਿੰਨਾਂ ਦੀ ਮੌਤ ਹੋ ਗਈ। ਇਸ ਘਟਨਾ ਨਾਲ ਖੇਤਰ ਵਿਚ ਦਹਿਸ਼ਤ ਦਾ ਮਾਹੌਲ ਬਣ ਗਿਆ ਹੈ। ਪੁਲਸ ਨੇ ਲਾਸ਼ਾਂ ਨੂੰ ਕਬਜ਼ੇ ਵਿਚ ਲੈ ਕੇ ਪੋਸਟਮਾਰਟਮ ਲਈ ਸਰਕਾਰੀ ਸਿਵਲ ਹਸਪਤਾਲ ਮੋਹਾਲੀ ਵਿਚ ਭੇਜ ਦਿੱਤਾ ਹੈ ਅਤੇ ਮ੍ਰਿਤਕ ਪਿਤਾ ਵਿਰੁੱਧ ਦੋਹਰੀ ਹੱਤਿਆ ਦਾ ਮਾਮਲਾ ਦਰਜ ਕਰ ਲਿਆ ਹੈ। ਮੌਕੇ ਤੋਂ ਮਿਲੀ ਜਾਣਕਾਰੀ ਅਨੁਸਾਰ ਪਿੰਡ ਲਾਂਡਰਾਂ ਦਾ ਵਾਸੀ ਜਗਤਾਰ ਸਿੰਘ (39) ਜੋ ਕਿ ਇਕ ਦਿਹਾੜੀਦਾਰ ਸੀ, ਦੀ ਪਤਨੀ ਚਰਨਜੀਤ ਕੌਰ ਆਪਣੇ ਪੇਕੇ ਗਈ ਹੋਈ ਸੀ, ਜਦਕਿ ਉਸ ਦੇ ਬੱਚੇ ਹਰਸ਼ਦੀਪ (14) ਅਤੇ ਗੌਰਵਦੀਪ ਉਰਫ਼ ਜੱਗੀ (13) ਉਸ ਕੋਲ ਸਨ। ਉਸ ਦੀ ਮਾਤਾ ਸ਼ਨੀਵਾਰ ਰਾਤ ਨੂੰ ਇਨ੍ਹਾਂ ਸਾਰਿਆਂ ਨੂੰ ਖਾਣਾ ਦੇ ਕੇ ਉਪਰ ਕਮਰੇ ਵਿਚ ਚਲੀ ਗਈ। ਜਗਤਾਰ ਸਿੰਘ ਨਸ਼ੇ 'ਚ ਧੁੱਤ ਹੋ ਕੇ ਬਾਹਰ ਤੋਂ ਆਇਆ ਸੀ ਅਤੇ ਆਪਣੇ ਬੱਚਿਆਂ ਨੂੰ ਲੈ ਕੇ ਆਪਣੇ ਕਮਰੇ ਵਿਚ ਸੌਣ ਚਲਾ ਗਿਆ। ਸਵੇਰੇ ਇਕ ਗੁਆਂਢੀ ਦੁਕਾਨਦਾਰ ਕਿਸੇ ਕੰਮ ਲਈ ਜਦੋਂ ਜਗਤਾਰ ਸਿੰਘ ਦੇ ਘਰ ਗਿਆ ਤਾਂ ਉਸ ਨੇ ਦੇਖਿਆ ਕਿ ਜਗਤਾਰ ਤੇ ਉਸ ਦੇ ਦੋਵੇਂ ਬੱਚੇ ਬੈੱਡ 'ਤੇ ਲੇਟੇ ਹੋਏ ਸਨ ਅਤੇ ਜਗਤਾਰ ਦੇ ਮੂੰਹ 'ਚੋਂ ਝੱਗ ਨਿਕਲ ਰਹੀ ਸੀ। ਜ਼ਹਿਰੀਲੀ ਚੀਜ਼ ਦਾ ਪਾਊਡਰ ਵੀ ਉਸ ਦੇ ਉਪਰ ਡਿਗਿਆ ਹੋਇਆ ਸੀ। ਇਸ ਗੁਆਂਢੀ ਦੁਕਾਨਦਾਰ ਨੇ ਰੌਲਾ ਪਾ ਕੇ ਲੋਕਾਂ ਨੂੰ ਇਕੱਠਾ ਕੀਤਾ । ਇਸ ਦੌਰਾਨ ਰੌਲਾ ਸੁਣ ਕੇ ਜਗਤਾਰ ਦੀ ਮਾਤਾ ਵੀ ਉਪਰ ਤੋਂ ਹੇਠਾਂ ਆ ਗਈ। ਲੋਕਾਂ ਨੇ ਤੁਰੰਤ ਪੁਲਸ ਨੂੰ ਇਸ ਦੀ ਸੂਚਨਾ ਦਿੱਤੀ। ਪੁਲਸ ਨੇ ਮੌਕੇ 'ਤੇ ਪਹੁੰਚ ਕੇ ਲਾਸ਼ਾਂ ਨੂੰ ਆਪਣੇ ਕਬਜ਼ੇ ਵਿਚ ਲੈ ਲਿਆ। ਮਾਮਲੇ ਦੀ ਜਾਂਚ ਕਰ ਰਹੇ ਥਾਣਾ ਸੋਹਾਣਾ ਦੇ ਏ. ਐੱਸ. ਆਈ. ਬਲਬੀਰ ਸਿੰਘ ਨੇ ਦੱਸਿਆ ਕਿ ਘਟਨਾ ਵਾਲੀ ਥਾਂ ਨੂੰ ਦੇਖਣ ਤੋਂ ਇਹ ਲੱਗਦਾ ਹੈ ਕਿ ਜਗਤਾਰ ਨੇ ਪਹਿਲਾਂ ਆਪਣੇ ਬੱਚਿਆਂ ਨੂੰ ਮਾਰ ਦਿੱਤਾ ਅਤੇ ਫਿਰ ਖੁਦ ਜ਼ਹਿਰੀਲਾ ਪਦਾਰਥ ਖਾ ਕੇ ਜਾਨ ਦੇ ਦਿੱਤੀ। ਮ੍ਰਿਤਕ ਦੇ ਕਮਰੇ 'ਚੋਂ ਇਕ ਨੋਟ ਵੀ ਬਰਾਮਦ ਹੋਇਆ ਹੈ, ਜਿਸ ਵਿਚ ਉਸ ਨੇ ਲਿਖਿਆ ਹੈ ਕਿ ਉਹ ਗਰੀਬੀ ਤੋਂ ਤੰਗ ਆ ਕੇ ਆਪਣੀ ਜੀਵਨ ਲੀਲਾ ਖਤਮ ਕਰ ਰਿਹਾ ਹੈ। ਮ੍ਰਿਤਕ ਦੇ ਗੁਆਂਢੀਆਂ ਦਾ ਕਹਿਣਾ ਹੈ ਕਿ ਉਹ ਬੇਰੁਜ਼ਗਾਰ ਸੀ ਅਤੇ ਕੰਮ ਨਾ ਮਿਲਣ ਕਾਰਨ ਪ੍ਰੇਸ਼ਾਨ ਵੀ ਸੀ। ਇਸ ਲਈ ਉਹ ਨਸ਼ਾ ਵੀ ਕਰਦਾ ਸੀ। ਪੁਲਸ ਨੇ ਮ੍ਰਿਤਕ ਬੱਚਿਆਂ ਦੇ ਮਾਮਾ ਚੰਦ ਸਿੰਘ ਦੀ ਸ਼ਿਕਾਇਤ 'ਤੇ ਮ੍ਰਿਤਕ ਜਗਤਾਰ ਵਿਰੁੱਧ ਬੱਚਿਆਂ ਦੀ ਹੱਤਿਆ ਕਰਨ ਦੇ ਦੋਸ਼ ਵਿਚ ਆਈ. ਪੀ. ਸੀ. ਦੀ ਧਾਰਾ 302 ਤਹਿਤ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਇਸ ਦੌਰਾਨ ਸੂਚਨਾ ਮਿਲਣ 'ਤੇ ਆਪਣੇ ਘਰ ਪਹੁੰਚੀ ਮ੍ਰਿਤਕ ਦੀ ਪਤਨੀ ਚਰਨਜੀਤ ਕੌਰ ਨੇ ਦੋਸ਼ ਲਾਇਆ ਹੈ ਕਿ ਉਸ ਦੇ ਪਤੀ ਨੇ ਜਾਣ ਬੁੱਝ ਕੇ ਉਸ ਨੂੰ ਪੇਕੇ ਭੇਜਿਆ ਸੀ।