ਕਿਸੇ ਪ੍ਰਤੀ ਫੈਸਲਾ ਲੈਣ ਤੋਂ ਪਹਿਲਾਂ ਸੌ ਵਾਰ ਸੋਚੋ ...
ਇਕ ਸੰਤ ਸਵੇਰ ਦੀ ਸੈਰ ਦੌਰਾਨ ਸਮੁੰਦਰੀ ਕੰਢੇ 'ਤੇ ਪਹੁੰਚੇ। ਉੱਥੇ ਉਨ੍ਹਾਂ ਇਕ ਆਦਮੀ ਦੇਖਿਆ, ਜੋ ਇਕ ਔਰਤ ਦੀ ਗੋਦ ਵਿਚ ਸਿਰ ਰੱਖ ਕੇ ਸੁੱਤਾ ਪਿਆ ਸੀ। ਨੇੜੇ ਹੀ ਸ਼ਰਾਬ ਦੀ ਖਾਲੀ ਬੋਤਲ ਪਈ ਸੀ। 
ਸੰਤ ਬਹੁਤ ਦੁਖੀ ਹੋਏ।ਉਨ੍ਹਾਂ ਵਿਚਾਰ ਕੀਤਾ ਕਿ ਇਹ ਮਨੁੱਖ ਕਿੰਨਾ ਐਸ਼ੋ-ਇਸ਼ਰਤ ਵਾਲਾ ਤੇ ਨਿਕੰਮਾ ਹੈ, ਜੋ ਸਵੇਰ ਵੇਲੇ ਸ਼ਰਾਬ ਪੀ ਕੇ ਔਰਤ ਦੀ ਗੋਦ ਵਿਚ ਸਿਰ ਰੱਖ ਕੇ ਉਸ ਨਾਲ ਪਿਆਰ ਕਰ ਰਿਹਾ ਹੈ।ਇੰਨੇ ਨੂੰ ਸਮੁੰਦਰ ਵਿਚੋਂ ਬਚਾਓ-ਬਚਾਓ ਦੀ ਆਵਾਜ਼ ਆਈ। 
ਸੰਤ ਨੇ ਦੇਖਿਆ ਕਿ ਇਕ ਮਨੁੱਖ ਸਮੁੰਦਰ ਵਿਚ ਡੁੱਬ ਰਿਹਾ ਹੈ ਪਰ ਖੁਦ ਤੈਰਨਾ ਨਾ ਆਉਣ ਕਾਰਨ ਸੰਤ ਦੇਖਦੇ ਰਹਿਣ ਤੋਂ ਇਲਾਵਾ ਕੁਝ ਨਹੀਂ ਕਰ ਸਕਦੇ ਸਨ। ਔਰਤ ਦੀ ਗੋਦ ਵਿਚ ਸਿਰ ਰੱਖ ਕੇ ਸੁੱਤਾ ਵਿਅਕਤੀ ਉੱਠਿਆ ਅਤੇ ਉਸ ਨੇ ਡੁੱਬਣ ਵਾਲੇ ਨੂੰ ਬਚਾਉਣ ਲਈ ਪਾਣੀ ਵਿਚ ਛਾਲ ਮਾਰ ਦਿੱਤੀ। ਥੋੜ੍ਹੀ ਦੇਰ ਵਿਚ ਉਸ ਨੇ ਡੁੱਬਣ ਵਾਲੇ ਨੂੰ ਬਚਾਅ ਲਿਆ ਅਤੇ ਕੰਢੇ 'ਤੇ ਲੈ ਆਇਆ।
ਸੰਤ ਸੋਚ ਵਿਚ ਪੈ ਗਏ ਕਿ ਇਸ ਵਿਅਕਤੀ ਨੂੰ ਮਾੜਾ ਕਹੀਏ ਜਾਂ ਚੰਗਾ? ਉਹ ਉਸ ਦੇ ਕੋਲ ਗਏ ਅਤੇ ਬੋਲੇ,''ਭਰਾ, ਤੂੰ ਕੌਣ ਏਂ ਅਤੇ ਇੱਥੇ ਕੀ ਕਰ ਰਿਹਾ ਏਂ?
''ਵਿਅਕਤੀ ਨੇ ਜਵਾਬ ਦਿੱਤਾ,''ਮੈਂ ਮਛੇਰਾ ਹਾਂ। ਅੱਜ ਕਈ ਦਿਨਾਂ ਬਾਅਦ ਸਮੁੰਦਰ ਵਿਚੋਂ ਮੱਛੀਆਂ ਫੜ ਕੇ ਸਵੇਰੇ ਜਲਦੀ ਇੱਥੇ ਮੁੜਿਆ ਹਾਂ। ਮੇਰੀ ਮਾਂ ਮੈਨੂੰ ਲੈਣ ਆਈ ਸੀ ਅਤੇ ਨਾਲ (ਘਰ ਵਿਚ ਕੋਈ ਹੋਰ ਭਾਂਡਾ ਨਾ ਹੋਣ ਕਾਰਨ) ਸ਼ਰਾਬ ਦੀ ਬੋਤਲ ਵਿਚ ਪਾਣੀ ਲੈ ਆਈ। 
ਕਈ ਦਿਨਾਂ ਦੀ ਯਾਤਰਾ ਨਾਲ ਮੈਂ ਥੱਕਿਆ ਹੋਇਆ ਸੀ ਅਤੇ ਸੁਹਾਵਣੇ ਵਾਤਾਵਰਣ ਵਿਚ ਪਾਣੀ ਪੀ ਕੇ ਥਕੇਵਾਂ ਘੱਟ ਕਰਨ ਲਈ ਮੈਂ ਮਾਂ ਦੀ ਗੋਦ ਵਿਚ ਸਿਰ ਰੱਖ ਕੇ ਸੌਂ ਗਿਆ।
''ਸੰਤ ਦੀਆਂ ਅੱਖਾਂ ਵਿਚ ਅੱਥਰੂ ਆ ਗਏ ਕਿ ਮੈਂ ਕਿਹੋ ਜਿਹਾ ਮਨੁੱਖ ਹਾਂ, ਜੋ ਦੇਖਿਆ ਉਸ ਬਾਰੇ ਗਲਤ ਵਿਚਾਰ ਕੀਤਾ, ਜਦਕਿ ਅਸਲੀਅਤ ਕੁਝ ਹੋਰ ਸੀ।ਕੋਈ ਵੀ ਗੱਲ ਜੋ ਅਸੀਂ ਦੇਖਦੇ ਹਾਂ, ਹਮੇਸ਼ਾ ਜਿਸ ਤਰ੍ਹਾਂ ਦੀ ਨਜ਼ਰ ਆਉਂਦੀ ਹੈ, ਉਸ ਤਰ੍ਹਾਂ ਦੀ ਨਹੀਂ ਹੁੰਦੀ। ਉਸ ਦਾ ਦੂਜਾ ਪਹਿਲੂ ਵੀ ਹੋ ਸਕਦਾ ਹੈ। ਕਿਸੇ ਪ੍ਰਤੀ ਕੋਈ ਫੈਸਲਾ ਲੈਣ ਤੋਂ ਪਹਿਲਾਂ ਸੌ ਵਾਰ ਸੋਚੋ ਅਤੇ ਫਿਰ ਫੈਸਲਾ ਕਰੋ”

Audio Gurbani at Spotify