ਸਲੋਕੁ ਮਃ ੧ ॥ ਸਚੇ ਤੇਰੇ ਖੰਡ ਸਚੇ ਬ੍ਰਹਮੰਡ ॥ ਸਚੇ ਤੇਰੇ ਲੋਅ ਸਚੇ ਆਕਾਰ ॥ ਸਚੇ ਤੇਰੇ ਕਰਣੇ ਸਰਬ ਬੀਚਾਰ ॥ ਸਚਾ ਤੇਰਾ ਅਮਰੁ ਸਚਾ ਦੀਬਾਣੁ ॥ ਸਚਾ ਤੇਰਾ ਹੁਕਮੁ ਸਚਾ ਫੁਰਮਾਣੁ ॥ ਸਚਾ ਤੇਰਾ ਕਰਮੁ ਸਚਾ ਨੀਸਾਣੁ ॥ ਸਚੇ ਤੁਧੁ ਆਖਹਿ ਲਖ ਕਰੋੜਿ ॥ ਸਚੈ ਸਭਿ ਤਾਣਿ ਸਚੈ ਸਭਿ ਜੋਰਿ ॥ ਸਚੀ ਤੇਰੀ ਸਿਫਤਿ ਸਚੀ ਸਾਲਾਹ ॥ ਸਚੀ ਤੇਰੀ ਕੁਦਰਤਿ ਸਚੇ ਪਾਤਿਸਾਹ ॥ ਨਾਨਕ ਸਚੁ ਧਿਆਇਨਿ ਸਚੁ ॥ ਜੋ ਮਰਿ ਜੰਮੇ ਸੁ ਕਚੁ ਨਿਕਚੁ ॥੧॥ 


ਮਃ ੧ ॥ ਵਡੀ ਵਡਿਆਈ ਜਾ ਵਡਾ ਨਾਉ ॥ ਵਡੀ ਵਡਿਆਈ ਜਾ ਸਚੁ ਨਿਆਉ ॥ ਵਡੀ ਵਡਿਆਈ ਜਾ ਨਿਹਚਲ ਥਾਉ ॥ ਵਡੀ ਵਡਿਆਈ ਜਾਣੈ ਆਲਾਉ ॥ ਵਡੀ ਵਡਿਆਈ ਬੁਝੈ ਸਭਿ ਭਾਉ ॥ ਵਡੀ ਵਡਿਆਈ ਜਾ ਪੁਛਿ ਨ ਦਾਤਿ ॥ ਵਡੀ ਵਡਿਆਈ ਜਾ ਆਪੇ ਆਪਿ ॥ ਨਾਨਕ ਕਾਰ ਨ ਕਥਨੀ ਜਾਇ ॥ ਕੀਤਾ ਕਰਣਾ ਸਰਬ ਰਜਾਇ ॥੨॥ 


ਮਹਲਾ ੨ ॥ ਇਹੁ ਜਗੁ ਸਚੈ ਕੀ ਹੈ ਕੋਠੜੀ ਸਚੇ ਕਾ ਵਿਚਿ ਵਾਸੁ ॥ ਇਕਨ੍ਹ੍ਹਾ ਹੁਕਮਿ ਸਮਾਇ ਲਏ ਇਕਨ੍ਹ੍ਹਾ ਹੁਕਮੇ ਕਰੇ ਵਿਣਾਸੁ ॥ ਇਕਨ੍ਹ੍ਹਾ ਭਾਣੈ ਕਢਿ ਲਏ ਇਕਨ੍ਹ੍ਹਾ ਮਾਇਆ ਵਿਚਿ ਨਿਵਾਸੁ ॥ ਏਵ ਭਿ ਆਖਿ ਨ ਜਾਪਈ ਜਿ ਕਿਸੈ ਆਣੇ ਰਾਸਿ ॥ ਨਾਨਕ ਗੁਰਮੁਖਿ ਜਾਣੀਐ ਜਾ ਕਉ ਆਪਿ ਕਰੇ ਪਰਗਾਸੁ ॥੩॥ 


ਪਉੜੀ ॥ ਨਾਨਕ ਜੀਅ ਉਪਾਇ ਕੈ ਲਿਖਿ ਨਾਵੈ ਧਰਮੁ ਬਹਾਲਿਆ ॥ ਓਥੈ ਸਚੇ ਹੀ ਸਚਿ ਨਿਬੜੈ ਚੁਣਿ ਵਖਿ ਕਢੇ ਜਜਮਾਲਿਆ ॥ ਥਾਉ ਨ ਪਾਇਨਿ ਕੂੜਿਆਰ ਮੁਹ ਕਾਲ੍ਹ੍ਹੈ ਦੋਜਕਿ ਚਾਲਿਆ ॥ ਤੇਰੈ ਨਾਇ ਰਤੇ ਸੇ ਜਿਣਿ ਗਏ ਹਾਰਿ ਗਏ ਸਿ ਠਗਣ ਵਾਲਿਆ ॥ ਲਿਖਿ ਨਾਵੈ ਧਰਮੁ ਬਹਾਲਿਆ ॥੨॥


ਅਰਥ:  ਹੇ ਸੱਚੇ ਪਾਤਸ਼ਾਹ! ਤੇਰੇ (ਪੈਦਾ ਕੀਤੇ ਹੋਏ) ਖੰਡ ਤੇ ਬ੍ਰਹਿਮੰਡ ਸੱਚੇ ਹਨ (ਭਾਵ, ਖੰਡ ਤੇ ਬ੍ਰਹਿਮੰਡ ਸਾਜਣ ਵਾਲਾ ਤੇਰਾ ਇਹ ਸਿਲਸਿਲਾ ਸਦਾ ਲਈ ਅਟੱਲ ਹੈ) । 

ਤੇਰੇ (ਸਿਰਜੇ ਹੋਏ ਚੌਂਦਾਂ) ਲੋਕ ਤੇ (ਇਹ ਬੇਅੰਤ) ਆਕਾਰ ਭੀ ਸਦਾ-ਥਿਰ ਰਹਿਣ ਵਾਲੇ ਹਨ; ਤੇਰੇ ਕੰਮ ਤੇ ਸਾਰੀਆਂ ਵਿਚਾਰਾਂ ਨਾਸ-ਰਹਿਤ ਹਨ। 

ਹੇ ਪਾਤਸ਼ਾਹ! ਤੇਰੀ ਪਾਤਸ਼ਾਹੀ ਤੇ ਤੇਰਾ ਦਰਬਾਰ ਅਟੱਲ ਹਨ, ਤੇਰਾ ਹੁਕਮ ਤੇ ਤੇਰਾ (ਸ਼ਾਹੀ) ਫ਼ੁਰਮਾਨ ਭੀ ਅਟੱਲ ਹਨ। ਤੇਰੀ ਬਖ਼ਸ਼ਸ਼ ਸਦਾ ਲਈ ਥਿਰ ਹੈ ਤੇ ਤੇਰੀਆਂ ਬਖ਼ਸ਼ਸ਼ਾਂ ਦਾ ਨਿਸ਼ਾਨ ਭੀ (ਭਾਵ, ਇਹ ਬੇਅੰਤ ਪਦਾਰਥ ਜੋ ਤੂੰ ਜੀਆਂ ਨੂੰ ਦੇ ਰਿਹਾ ਹੈਂ) ਸਦਾ ਵਾਸਤੇ ਕਾਇਮ ਹੈ। 

ਲੱਖਾਂ ਕਰੋੜਾਂ ਜੀਵ, ਜੋ ਤੈਨੂੰ ਸਿਮਰ ਰਹੇ ਹਨ, ਸੱਚੇ ਹਨ (ਭਾਵ, ਬੇਅੰਤ ਜੀਵਾਂ ਦਾ ਤੈਨੂੰ ਸਿਮਰਨਾ = ਇਹ ਭੀ ਤੇਰਾ ਇਕ ਅਜਿਹਾ ਚਲਾਇਆ ਹੋਇਆ ਕੰਮ ਹੈ ਜੋ ਸਦਾ ਲਈ ਥਿਰ ਹੈ) । (ਇਹ ਖੰਡ, ਬ੍ਰਹਿਮੰਡ, ਲੋਕ, ਆਕਾਰ, ਜੀਅ ਜੰਤ ਆਦਿਕ) ਸਾਰੇ ਹੀ ਸੱਚੇ ਹਰੀ ਦੇ ਤਾਣ ਤੇ ਜ਼ੋਰ ਵਿਚ ਹਨ (ਭਾਵ, ਇਹਨਾਂ ਸਭਨਾਂ ਦੀ ਹਸਤੀ, ਸਭਨਾਂ ਦਾ ਆਸਰਾ ਪ੍ਰਭੂ ਆਪ ਹੈ) । 

ਤੇਰੀ ਸਿਫ਼ਤਿ-ਸਾਲਾਹ ਕਰਨੀ ਤੇਰਾ ਇਕ ਅਟੱਲ ਸਿਲਸਿਲਾ ਹੈ; ਹੇ ਸੱਚੇ ਪਾਤਿਸ਼ਾਹ! ਇਹ ਸਾਰੀ ਰਚਨਾ ਹੀ ਤੇਰਾ ਇਕ ਨਾ ਮੁੱਕਣ ਵਾਲਾ ਪਰਬੰਧ ਹੈ। 

ਹੇ ਨਾਨਕ! ਜੋ ਜੀਵ ਉਸ ਅਬਿਨਾਸ਼ੀ ਪ੍ਰਭੂ ਨੂੰ ਸਿਮਰਦੇ ਹਨ, ਉਹ ਭੀ ਉਸ ਦਾ ਰੂਪ ਹਨ; ਪਰ ਜੋ ਜੰਮਣ ਮਰਨ ਦੇ ਗੇੜ ਵਿਚ ਪਏ ਹਨ, ਉਹ (ਅਜੇ) ਬਿਲਕੁਲ ਕੱਚੇ ਹਨ (ਭਾਵ, ਉਸ ਅਸਲ ਜੋਤ ਦਾ ਰੂਪ ਨਹੀਂ ਹੋਏ) ।1। 

ਨੋਟ: ਸ਼ਬਦ 'ਸਚੁ' ਸੰਸਕ੍ਰਿਤ ਸ਼ਬਦ 'ਸਤਯ' (sÄX) ਦਾ ਪੰਜਾਬੀ ਰੂਪ ਹੈ, 'ਸਤਯ' ਦਾ ਅਰਥ ਹੈ 'ਅਸਲੀ', ਜੋ ਸੱਚ-ਮੁੱਚ ਹੋਂਦ ਵਿਚ ਹੈ। 

ਕਈ ਮਤਾਂ ਵਾਲੇ ਇਹ ਖ਼ਿਆਲ ਕਰਦੇ ਹਨ ਕਿ ਜਗਤ ਅਸਲ ਵਿਚ ਕੁਝ ਨਹੀਂ ਹੈ। ਗੁਰੂ ਨਾਨਕ ਸਾਹਿਬ ਇਸ ਸਲੋਕ ਵਿਚ ਫ਼ੁਰਮਾਉਂਦੇ ਹਨ ਕਿ ਖੰਡਾਂ, ਬ੍ਰਹਿਮੰਡਾਂ ਆਦਿਕ ਵਾਲਾ ਇਹ ਸਾਰਾ ਸਿਲਸਲਾ ਭਰਮ ਰੂਪ ਨਹੀਂ ਹੈ; ਹਸਤੀ ਵਾਲੇ ਰੱਬ ਦਾ ਸੱਚ-ਮੁੱਚ ਇਹ ਹਸਤੀ ਵਾਲਾ ਹੀ ਪਸਾਰਾ ਹੈ। ਪਰ ਹੈ ਇਹ ਸਾਰੀ ਖੇਡ ਉਸ ਦੇ ਆਪਣੇ ਹੱਥ ਵਿਚ। ਸਮੁੱਚੇ ਤੌਰ ਤੇ ਇਹ ਸਾਰੀ ਕੁਦਰਤ ਉਸ ਦਾ ਇਕ ਅਟੱਲ ਪਰਬੰਧ ਹੈ, ਪਰ ਇਸ ਦੇ ਵਿਚ ਜੇ ਵਖੋ ਵਖਰੇ ਪਦਾਰਥ, ਜੀਆ ਜੰਤਾਂ ਦੇ ਸਰੀਰ ਆਦਿਕ ਲਈਏ ਤਾਂ ਇਹ ਨਾਸਵੰਤ ਹਨ। ਹਾਂ, ਜੋ ਉਸ ਨੂੰ ਸਿਮਰਦੇ ਹਨ, ਉਹ ਉਸ ਦਾ ਰੂਪ ਹੋ ਜਾਂਦੇ ਹਨ।


ਸ ਪ੍ਰਭੂ ਦੀ ਸਿਫ਼ਤਿ ਕੀਤੀ ਨਹੀਂ ਜਾ ਸਕਦੀ ਜਿਸ ਦਾ ਨਾਮਣਾ ਵੱਡਾ ਹੈ। ਪ੍ਰਭੂ ਦਾ ਇਹ ਇਕ ਵੱਡਾ ਗੁਣ ਹੈ ਕਿ ਉਸ ਦਾ ਨਾਉਂ (ਸਦਾ) ਅਟੱਲ ਹੈ। ਉਸ ਦੀ ਇਹ ਇਕ ਵੱਡੀ ਸਿਫ਼ਤ ਹੈ ਕਿ ਉਸ ਦਾ ਆਸਣ ਅਡੋਲ ਹੈ। ਪ੍ਰਭੂ ਦੀ ਇਹ ਇਕ ਬੜੀ ਵਡਿਆਈ ਹੈ ਕਿ ਉਹ ਸਾਰੇ ਜੀਵਾਂ ਦੀਆਂ ਅਰਦਾਸਾਂ ਨੂੰ ਜਾਣਦਾ ਹੈ ਅਤੇ ਸਾਰਿਆਂ ਦੇ ਦਿਲਾਂ ਦੇ ਵਲਵਲਿਆਂ ਨੂੰ ਸਮਝਦਾ ਹੈ। 

ਰੱਬ ਦੀ ਇਹ ਇਕ ਉੱਚੀ ਸਿਫ਼ਤ ਹੈ ਕਿ ਕਿਸੇ ਦੀ ਸਲਾਹ ਲੈ ਕੇ (ਜੀਵਾਂ ਨੂੰ) ਦਾਤਾਂ ਨਹੀਂ ਦੇ ਰਿਹਾ (ਆਪਣੇ ਆਪ ਬੇਅੰਤ ਦਾਤਾਂ ਬਖ਼ਸ਼ਦਾ ਹੈ) (ਕਿਉਂਕਿ) ਉਸ ਵਰਗਾ ਹੋਰ ਕੋਈ ਨਹੀਂ ਹੈ। 

ਹੇ ਨਾਨਕ! ਰੱਬ ਦੀ ਕੁਦਰਤਿ ਬਿਆਨ ਨਹੀਂ ਕੀਤੀ ਜਾ ਸਕਦੀ, ਸਾਰੀ ਰਚਨਾ ਉਸ ਆਪਣੇ ਹੁਕਮ ਵਿਚ ਰਚੀ ਹੈ।2।


ਇਹ ਜਗਤ ਪ੍ਰਭੂ ਦੇ ਰਹਿਣ ਦੀ ਥਾਂ ਹੈ, ਪ੍ਰਭੂ ਇਸ ਵਿਚ ਵੱਸ ਰਿਹਾ ਹੈ। ਕਈ ਜੀਵਾਂ ਨੂੰ ਆਪਣੇ ਹੁਕਮ ਅਨੁਸਾਰ (ਇਸ ਸੰਸਾਰ-ਸਾਗਰ ਵਿਚੋਂ ਬਚਾ ਕੇ) ਆਪਣੇ ਚਰਨਾਂ ਵਿਚ ਜੋੜ ਲੈਂਦਾ ਹੈ ਅਤੇ ਕਈ ਜੀਵਾਂ ਨੂੰ ਆਪਣੇ ਹੁਕਮ ਅਨੁਸਾਰ ਹੀ ਇਸੇ ਵਿਚ ਡੋਬ ਦੇਂਦਾ ਹੈ। ਕਈ ਜੀਵਾਂ ਨੂੰ ਆਪਣੀ ਰਜ਼ਾ ਅਨੁਸਾਰ ਮਾਇਆ ਦੇ ਮੋਹ ਵਿਚੋਂ ਕੱਢ ਲੈਂਦਾ ਹੈ, ਕਈਆਂ ਨੂੰ ਇਸੇ ਵਿਚ ਫਸਾਈ ਰੱਖਦਾ ਹੈ। 

ਇਹ ਗੱਲ ਭੀ ਦੱਸੀ ਨਹੀਂ ਜਾ ਸਕਦੀ ਕਿ ਰੱਬ ਕਿਸ ਦਾ ਬੇੜਾ ਪਾਰ ਕਰਦਾ ਹੈ। ਹੇ ਨਾਨਕ! ਜਿਸ (ਵਡਭਾਗੀ) ਮਨੁੱਖ ਨੂੰ ਚਾਨਣ ਬਖ਼ਸ਼ਦਾ ਹੈ, ਉਸ ਨੂੰ ਗੁਰੂ ਦੀ ਰਾਹੀਂ ਸਮਝ ਪੈ ਜਾਂਦੀ ਹੈ।3।


ਹੇ ਨਾਨਕ! ਜੀਵਾਂ ਨੂੰ ਪੈਦਾ ਕਰ ਕੇ ਪਰਮਾਤਮਾ ਨੇ ਧਰਮ-ਰਾਜ ਨੂੰ (ਉਹਨਾਂ ਦੇ ਸਿਰ ਤੇ) ਮੁਕੱਰਰ ਕੀਤਾ ਹੋਇਆ ਹੈ ਕਿ ਜੀਵਾਂ ਦੇ ਕੀਤੇ ਕਰਮਾਂ ਦਾ ਲੇਖਾ ਲਿਖਦਾ ਰਹੇ। 

ਧਰਮ-ਰਾਜ ਦੀ ਕਚਹਿਰੀ ਵਿਚ ਨਿਰੋਲ ਸੱਚ ਦੁਆਰਾ (ਜੀਵਾਂ ਦੇ ਕਰਮਾਂ ਦਾ) ਨਿਬੇੜਾ ਹੁੰਦਾ ਹੈ (ਭਾਵ, ਓਥੇ ਨਿਬੇੜੇ ਦਾ ਮਾਪ 'ਨਿਰੋਲ ਸਚੁ' ਹੈ, ਜਿਨ੍ਹਾਂ ਦੇ ਪੱਲੇ 'ਸਚੁ' ਹੁੰਦਾ ਹੈ ਉਹਨਾਂ ਨੂੰ ਆਦਰ ਮਿਲਦਾ ਹੈ ਤੇ) ਮੰਦ-ਕਰਮੀ ਜੀਵ ਚੁਣ ਕੇ ਵੱਖਰੇ ਕੀਤੇ ਜਾਂਦੇ ਹਨ। ਕੂੜ ਠੱਗੀ ਕਰਨ ਵਾਲੇ ਜੀਵਾਂ ਨੂੰ ਓਥੇ ਟਿਕਾਣਾ ਨਹੀਂ ਮਿਲਦਾ; ਕਾਲਾ ਮੂੰਹ ਕਰ ਕੇ ਉਹਨਾਂ ਨੂੰ ਦੋਜ਼ਕ ਵਿਚ ਧੱਕਿਆ ਜਾਂਦਾ ਹੈ। 

(ਹੇ ਪ੍ਰਭੂ!) ਜੋ ਮਨੁੱਖ ਤੇਰੇ ਨਾਮ ਵਿਚ ਰੰਗੇ ਹੋਏ ਹਨ, ਉਹ (ਏਥੋਂ) ਬਾਜ਼ੀ ਜਿੱਤ ਕੇ ਜਾਂਦੇ ਹਨ ਤੇ ਠੱਗੀ ਕਰਨ ਵਾਲੇ ਬੰਦੇ (ਮਨੁੱਖਾ ਜਨਮ ਦੀ ਬਾਜ਼ੀ) ਹਾਰ ਕੇ ਜਾਂਦੇ ਹਨ। (ਤੂੰ, ਹੇ ਪ੍ਰਭੂ!) ਧਰਮ-ਰਾਜ ਨੂੰ (ਜੀਵਾਂ ਦੇ ਕੀਤੇ ਕਰਮਾਂ ਦਾ) ਲੇਖਾ ਲਿਖਣ ਵਾਸਤੇ (ਉਹਨਾਂ ਦੇ ਉੱਤੇ) ਮੁਕੱਰਰ ਕੀਤਾ ਹੋਇਆ ਹੈ।2।

SHALOK, FIRST MEHL:

True are Your worlds, True are Your solar Systems. True are Your realms, True is Your creation. True are Your actions, and all Your deliberations. True is Your Command, and True is Your Court. True is the Command of Your Will, True is Your Order. True is Your Mercy, True is Your Insignia. Hundreds of thousands and millions call You True. In the True Lord is all power, in the True Lord is all might. True is Your Praise, True is Your Adoration. True is Your almighty creative power, True King. O Nanak, true are those who meditate on the True One. || 1 || FIRST MEHL: Great is His greatness, as great as His Name. Great is His greatness, as True is His justice. Great is His greatness, as permanent as His Throne. Great is His greatness, as He knows our utterances. Great is His greatness, as He understands all our affections. Great is His greatness, as He gives without being asked. Great is His greatness, as He Himself is all-in-all. O Nanak, His actions cannot be described. Whatever He has done, or will do, is all by His Own Will. || 2 || SECOND MEHL: This world is the room of the True Lord; within it is the dwelling of the True Lord. By His Command, some are merged into Him, and some, by His Command, are destroyed. Some, by the Pleasure of His Will, are lifted up out of Maya, while others are made to dwell within it. No one can say who will be rescued. O Nanak, he alone is known as Gurmukh, unto whom the Lord reveals Himself. || 3 || PAUREE: O Nanak, having created the souls, the Lord installed the Righteous Judge of Dharma to read and record their accounts. There, only the Truth is judged true; the sinners are picked out and separated. The false find no place there, and they go to hell with their faces blackened. Those who are imbued with Your Name win, while the cheaters lose. The Lord installed the Righteous Judge of Dharma to read and record the accounts. || 2 ||

Audio Gurbani at Spotify