01 ਜੂਨ ਨੂੰ ਬਰਗਾੜੀ ਵਿਖੇ ਹੋਣ ਵਾਲੀ ਅਰਦਾਸ ਵਿਚ ਸਮੁੱਚੀ ਸਿੱਖ ਕੌਮ, ਸਿੱਖ ਧਿਰਾਂ, ਸਖਸ਼ੀਅਤਾਂ ਸਮੂਲੀਅਤ ਕਰਨ : ਮਾਨ
ਫ਼ਤਹਿਗੜ੍ਹ ਸਾਹਿਬ, 31 ਮਈ ( ) “ਕਿਉਂਕਿ ਸੈਂਟਰ ਤੇ ਪੰਜਾਬ ਦੀਆਂ ਸਰਕਾਰਾਂ ਪੰਜਾਬ ਸੂਬੇ ਤੇ ਸਿੱਖ ਕੌਮ ਦੇ ਅਤਿ ਗੰਭੀਰ ਮਸਲਿਆ ਦਾ ਹੱਲ ਕਰਨ ਲਈ ਨਾ ਤਾਂ ਪਹਿਲੇ ਸੰਜ਼ੀਦਾ ਸਨ ਅਤੇ ਨਾ ਹੀ ਅੱਜ ਹਨ । ਇਥੋਂ ਤੱਕ ਕਿ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਹੋਈਆ ਅਪਮਾਨਿਤ ਕਾਰਵਾਈਆ ਉਤੇ ਵੀ ਦੋਸ਼ੀਆਂ ਵਿਰੁੱਧ ਕਾਨੂੰਨੀ ਕਾਰਵਾਈ ਕਰਨ ਦੀ ਜਿ਼ੰਮੇਵਾਰੀ ਨਹੀਂ ਨਿਭਾਅ ਰਹੀਆ । ਬਲਕਿ ਦੋਸ਼ੀਆਂ ਨੂੰ ਬਚਾਉਣ ਲਈ ਉਹ ਹਰ ਹੀਲਾ ਵਰਤ ਰਹੀਆ ਹਨ ਜਿਸ ਦੀ ਇਖਲਾਕ, ਕਾਨੂੰਨ ਅਤੇ ਇਨਸਾਫ਼ ਦਾ ਤਕਾਜਾ ਬਿਲਕੁਲ ਇਜਾਜਤ ਨਹੀਂ ਦਿੰਦਾ । ਜਿਵੇਂ 1984 ਸਿੱਖ ਕਤਲੇਆਮ ਦੇ ਦੋਸ਼ੀਆਂ ਨੂੰ ਬਚਾਉਣ ਲਈ ਹੁਕਮਰਾਨਾਂ ਨੇ ਕੋਈ 9 ਦੇ ਕਰੀਬ ਸਮੇਂ-ਸਮੇਂ ਤੇ ਜਾਂਚ ਕਮੇਟੀਆ ਤੇ ਕਮਿਸ਼ਨ ਬਣਾਏ, ਪਰ ਕਿਸੇ ਵੀ ਜਾਂਚ ਕਮੇਟੀ ਜਾਂ ਕਮਿਸਨ ਨੇ ਸਿੱਖ ਕੌਮ ਨੂੰ ਇਨਸਾਫ਼ ਨਹੀਂ ਦਿੱਤਾ, ਜਿਸਦੀ ਬਦੌਲਤ ਸਿੱਖ ਕੌਮ ਦੇ ਕਾਤਲ ਅੱਜ ਵੀ ਦਨਦਨਾਉਦੇ ਫਿਰਦੇ ਹਨ । ਉਸੇ ਤਰ੍ਹਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਅਪਮਾਨਿਤ ਕਰਨ ਵਾਲੇ ਦੋਸ਼ੀਆਂ ਅਤੇ ਕੋਟਕਪੂਰਾ, ਬਹਿਬਲ ਕਲਾਂ ਵਿਖੇ ਸ਼ਾਂਤਮਈ ਢੰਗ ਨਾਲ ਰੋਸ਼ ਕਰ ਰਹੇ ਸਿੱਖਾਂ ਉਤੇ ਗੋਲੀਆਂ ਚਲਾਕੇ ਸ਼ਹੀਦ ਕਰਨ ਅਤੇ ਵੱਡੀ ਗਿਣਤੀ ਵਿਚ ਸਿੱਖਾਂ ਨੂੰ ਜਖ਼ਮੀ ਕਰਨ ਵਾਲੇ ਦੋਸ਼ੀ ਪੁਲਿਸ ਅਧਿਕਾਰੀਆਂ ਅਤੇ ਸਿਆਸਤਦਾਨਾਂ ਵਿਰੁੱਧ ਕਾਨੂੰਨੀ ਅਮਲ ਕਰਨ ਦੀ ਬਜਾਇ ਉਸੇ ਤਰ੍ਹਾਂ ਦਾ ਇਕ ਤੋਂ ਬਾਅਦ ਇਕ ਜਾਂਚ ਕਮੇਟੀਆ ਬਣਾਉਣ ਦਾ ਗੁੰਮਰਾਹਕੁੰਨ ਸਿਲਸਿਲਾ ਜਾਰੀ ਹੈ । ਅਜਿਹੇ ਅਮਲ ਤਾਂ ਅਸਲੀਅਤ ਵਿਚ ਦੋਸ਼ੀਆਂ ਨੂੰ ਕਾਨੂੰਨੀ ਮਾਰ ਤੋਂ ਬਚਾਉਣ ਲਈ ਸਾਜ਼ਸੀ ਢੰਗ ਨਾਲ ਭੰਬਲਭੂਸਾ ਹੀ ਪਾਇਆ ਜਾ ਰਿਹਾ ਹੈ । ਜਦੋਂਕਿ ਸਿੱਖ ਕੌਮ ਨੂੰ ਹਰ ਕੀਮਤ ਤੇ ਇਨਸਾਫ਼ ਚਾਹੀਦਾ ਹੈ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਸਮੁੱਚੀ ਸਿੱਖ ਕੌਮ, ਸਭ ਸਿੱਖ ਧਿਰਾਂ, ਸਖਸ਼ੀਅਤਾਂ, ਆਗੂਆਂ ਜਥੇਬੰਦੀਆਂ ਸੰਗਠਨਾਂ, ਸੁਸਾਇਟੀਆ, ਕਿਸਾਨ ਯੂਨੀਅਨਾਂ, ਟਰਾਸਪੋਰਟ ਯੂਨੀਅਨ, ਆੜਤੀ ਯੂਨੀਅਨਾਂ, ਮਜ਼ਦੂਰਾਂ ਆਦਿ ਨੂੰ 01 ਜੂਨ ਨੂੰ ਬਰਗਾੜੀ ਵਿਖੇ ਹੋਣ ਵਾਲੀ ਅਰਦਾਸ ਵਿਚ ਸਮੂਲੀਅਤ ਕਰਨ ਦੀ ਅਤੇ ਹੋਣ ਵਾਲੇ ਅਹਿਮ ਫੈਸਲਿਆ ਵਿਚ ਆਪਣੇ ਕੀਮਤੀ ਵਿਚਾਰਾਂ ਰਾਹੀ ਯੋਗਦਾਨ ਪਾਉਣ ਦੀ ਅਪੀਲ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਸਿੱਖ ਕੌਮ ਨਾਲ ਸੰਬੰਧਤ ਸਭ ਧਿਰਾਂ, ਆਗੂਆਂ, ਸਖਸ਼ੀਅਤਾਂ, ਸੰਗਠਨਾਂ ਨੂੰ ਕੌਮ ਦੀ ਬਿਹਤਰੀ ਦੇ ਬਿਨ੍ਹਾਂ ਤੇ ਕਿਹਾ ਕਿ ਛੋਟੇ-ਮੋਟੇ ਸਿਆਸੀ ਵਿਚਾਰਾਂ ਦੇ ਵਖਰੇਵਿਆ ਨੂੰ ਪਾਸੇ ਰੱਖਕੇ ਕੌਮ ਦੇ ਇਸ ਵੱਡੇ ਉਦਮ ਵਿਚ ਸੰਜ਼ੀਦਗੀ ਢੰਗ ਨਾਲ ਅਗਲੇ ਉਲੀਕੇ ਜਾਣ ਵਾਲੇ ਪ੍ਰੋਗਰਾਮ ਨੂੰ ਕਾਮਯਾਬ ਕਰਨ ਲਈ ਅੱਗੇ ਹੋ ਕੇ ਉਦਮ ਕਰਨੇ ਬਣਦੇ ਹਨ । ਤਾਂ ਕਿ ਅਸੀਂ ਸਭ ਗੁਰਬਾਣੀ ਦੇ ਉਸ ਮਹਾਵਾਕ ”ਹੋਇ ਇਕੱਤਰ ਮਿਲਹੁ ਮੇਰੇ ਭਾਈ, ਦੁਬਿਧਾ ਦੂਰਿ ਕਰੋ ਲਿਵ ਲਾਇ” ਅਨੁਸਾਰ ਇਕ-ਮਨ, ਇਕ-ਆਤਮਾ ਹੋ ਕੇ ਜਿਥੇ ਇਸ ਸਮੂਹਿਕ ਅਰਦਾਸ ਕਰਦੇ ਹੋਏ ਕੌਮੀ ਤਾਕਤ ਨੂੰ ਬਲ ਦੇਣਾ ਚਾਹੀਦਾ ਹੈ, ਉਥੇ ਅਗਲੇ ਮੋਰਚੇ ਦੀ ਰੂਪ-ਰੇਖਾ ਤਿਆਰ ਕਰਨ ਵਿਚ ਸਹਿਯੋਗ ਵੀ ਕਰਨਾ ਚਾਹੀਦਾ ਹੈ ਤਾਂ ਕਿ ਅਸੀਂ ਮੁਕਰਤਾ, ਧੋਖੇ-ਫਰੇਬਾਂ ਨਾਲ ਭਰੇ ਇੰਡੀਅਨ ਅਤੇ ਪੰਜਾਬ ਦੇ ਹੁਕਮਰਾਨਾਂ ਨੂੰ ਮਜ਼ਬੂਰ ਕਰ ਸਕੀਏ ਕਿ ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਅਪਮਾਨਿਤ ਕਰਨ ਵਾਲੇ ਦੋਸ਼ੀਆਂ ਅਤੇ ਸਿੱਖ ਕੌਮ ਦੇ ਕਾਤਲਾਂ ਨੂੰ ਕਾਨੂੰਨ ਅਨੁਸਾਰ ਜਲਦੀ ਹੀ ਸਜ਼ਾ ਦਿਵਾਉਣ ਦੇ ਅਮਲ ਨੂੰ ਯਕੀਨੀ ਬਣਾ ਸਕੀਏ । ਸਿੱਖ ਕੌਮ ਦੁਸ਼ਮਣ ਅਤੇ ਦੋਸਤ ਤਾਕਤਾਂ ਨੂੰ ਪਹਿਚਾਨਣ ਦੇ ਸਮਰੱਥ ਬਣਕੇ ਸਿੱਖ ਕੌਮ ਦੀਆਂ ਸਭ ਮੁਸ਼ਕਿਲਾਂ, ਮਸਲਿਆ ਦਾ ਹੱਲ ”ਆਜ਼ਾਦ ਬਾਦਸ਼ਾਹੀ ਸਿੱਖ ਰਾਜ” ਦੀ ਸਥਾਪਨਾ ਕਰਨ ਵਿਚ ਆਪਣੀਆ ਜਿ਼ੰਮੇਵਾਰੀਆਂ ਪੂਰੀਆ ਕਰ ਸਕੀਏ । ਸ. ਮਾਨ ਨੇ ਉਮੀਦ ਪ੍ਰਗਟ ਕੀਤੀ ਕਿ ਸਭ ਧਿਰਾਂ ਹਰ ਤਰ੍ਹਾਂ ਦੇ ਵਖਰੇਵਿਆ ਨੂੰ ਤੁੱਛ ਸਮਝਕੇ ਉਪਰੋਕਤ ਕੌਮੀ ਮਿਸ਼ਨ ਦੀ ਪ੍ਰਾਪਤੀ ਲਈ ਆਪੋ-ਆਪਣੇ ਸਾਧਨਾਂ ਅਤੇ ਇਲਾਕਾ ਨਿਵਾਸੀਆ ਨੂੰ ਵੱਡੀ ਗਿਣਤੀ ਵਿਚ ਲੈਕੇ 01 ਜੂਨ ਨੂੰ ਬਰਗਾੜੀ ਵਿਖੇ ਪਹੁੰਚਕੇ ਕੌਮੀ ਮਕਸਦ ਨੂੰ ਸਫ਼ਲ ਕਰਨ ਵਿਚ ਭੂਮਿਕਾ ਨਿਭਾਉਣਗੇ ।