ਬਾਰਹ ਮਾਹਾ ਮਾਂਝ ਮਹਲਾ ੫ ਘਰੁ ੪ ੴ ਸਤਿਗੁਰ ਪ੍ਰਸਾਦਿ ॥
ਵੈਸਾਖਿ ਧੀਰਨਿ ਕਿਉ ਵਾਢੀਆ ਜਿਨਾ ਪ੍ਰੇਮ ਬਿਛੋਹੁ ॥ ਹਰਿ ਸਾਜਨੁ ਪੁਰਖੁ ਵਿਸਾਰਿ ਕੈ ਲਗੀ ਮਾਇਆ ਧੋਹੁ ॥ ਪੁਤ੍ਰ ਕਲਤ੍ਰ ਨ ਸੰਗਿ ਧਨਾ ਹਰਿ ਅਵਿਨਾਸੀ ਓਹੁ ॥ ਪਲਚਿ ਪਲਚਿ ਸਗਲੀ ਮੁਈ ਝੂਠੈ ਧੰਧੈ ਮੋਹੁ ॥ ਇਕਸੁ ਹਰਿ ਕੇ ਨਾਮ ਬਿਨੁ ਅਗੈ ਲਈਅਹਿ ਖੋਹਿ ॥ ਦਯੁ ਵਿਸਾਰਿ ਵਿਗੁਚਣਾ ਪ੍ਰਭ ਬਿਨੁ ਅਵਰੁ ਨ ਕੋਇ ॥ ਪ੍ਰੀਤਮ ਚਰਣੀ ਜੋ ਲਗੇ ਤਿਨ ਕੀ ਨਿਰਮਲ ਸੋਇ ॥ ਨਾਨਕ ਕੀ ਪ੍ਰਭ ਬੇਨਤੀ ਪ੍ਰਭ ਮਿਲਹੁ ਪਰਾਪਤਿ ਹੋਇ ॥ ਵੈਸਾਖੁ ਸੁਹਾਵਾ ਤਾਂ ਲਗੈ ਜਾ ਸੰਤੁ ਭੇਟੈ ਹਰਿ ਸੋਇ ॥੩॥
ਅਰਥ: (ਵੈਸਾਖੀ ਵਾਲਾ ਦਿਨ ਹਰੇਕ ਇਸਤ੍ਰੀ ਮਰਦ ਵਾਸਤੇ ਰੀਝਾਂ ਵਾਲਾ ਦਿਨ ਹੁੰਦਾ ਹੈ, ਪਰ) ਵੈਸਾਖ ਵਿਚ ਉਹਨਾਂ ਇਸਤ੍ਰੀਆਂ ਦਾ ਦਿਲ ਕਿਵੇਂ ਖਲੋਵੇ ਜੋ ਪਤੀ ਤੋਂ ਵਿੱਛੁੜੀਆਂ ਪਈਆਂ ਹਨ, ਜਿਨ੍ਹਾਂ ਦੇ ਅੰਦਰ ਪਿਆਰ (ਦੇ ਪ੍ਰਗਟਾਵੇ) ਦੀ ਅਣਹੋਂਦ ਹੈ, (ਇਸ ਤਰ੍ਹਾਂ ਉਸ ਜੀਵ ਨੂੰ ਧੀਰਜ ਕਿਵੇਂ ਆਵੇ ਜਿਸ ਨੂੰ) ਸੱਜਣ-ਪ੍ਰਭੂ ਵਿਸਾਰ ਕੇ ਮਨ-ਮੋਹਣੀ ਮਾਇਆ ਚੰਬੜੀ ਹੋਈ ਹੈ?
ਨਾਹ ਪੁਤ੍ਰ, ਨਾਹ ਇਸਤ੍ਰੀ, ਨਾਹ ਧਨ, ਕੋਈ ਭੀ ਮਨੁੱਖ ਦੇ ਨਾਲ ਨਹੀਂ ਨਿਭਦਾ ਇਕ ਅਬਿਨਾਸੀ ਪਰਮਾਤਮਾ ਹੀ ਅਸਲ ਸਾਥੀ ਹੈ। ਨਾਸਵੰਤ ਧੰਧੇ ਦਾ ਮੋਹ (ਸਾਰੀ ਲੁਕਾਈ ਨੂੰ ਹੀ) ਵਿਆਪ ਰਿਹਾ ਹੈ, (ਮਾਇਆ ਦੇ ਮੋਹ ਵਿਚ) ਮੁੜ ਮੁੜ ਫਸ ਕੇ ਸਾਰੀ ਲੁਕਾਈ ਹੀ (ਆਤਮਕ ਮੌਤੇ) ਮਰ ਰਹੀ ਹੈ। ਇਕ ਪਰਮਾਤਮਾ ਦਾ ਨਾਮ ਸਿਮਰਨ ਤੋਂ ਬਿਨਾ ਹੋਰ ਜਿਤਨੇ ਭੀ ਕਰਮ ਇਥੇ ਕਰੀਦੇ ਹਨ, ਉਹ ਸਾਰੇ ਮਰਨ ਤੋਂ ਪਹਿਲਾਂ ਹੀ ਖੋਹ ਲਏ ਜਾਂਦੇ ਹਨ (ਭਾਵ, ਉਹ ਉੱਚੇ ਆਤਮਕ ਜੀਵਨ ਦਾ ਅੰਗ ਨਹੀਂ ਬਣ ਸਕਦੇ) ।
ਪਿਆਰ-ਸਰੂਪ ਪ੍ਰਭੂ ਨੂੰ ਵਿਸਾਰ ਕੇ ਖ਼ੁਆਰੀ ਹੀ ਹੁੰਦੀ ਹੈ, ਪਰਮਾਤਮਾ ਤੋਂ ਬਿਨਾ ਜਿੰਦ ਦਾ ਹੋਰ ਕੋਈ ਸਾਥੀ ਹੀ ਨਹੀਂ ਹੁੰਦਾ। ਪ੍ਰਭੂ ਪ੍ਰੀਤਮ ਦੀ ਚਰਨੀਂ ਜੇਹੜੇ ਬੰਦੇ ਲਗਦੇ ਹਨ, ਉਹਨਾਂ ਦੀ (ਲੋਕ ਪਰਲੋਕ ਵਿਚ) ਭਲੀ ਸੋਭਾ ਹੁੰਦੀ ਹੈ।
ਹੇ ਪ੍ਰਭੂ! (ਤੇਰੇ ਦਰ ਤੇ) ਮੇਰੀ ਬੇਨਤੀ ਹੈ ਕਿ ਮੈਨੂੰ ਤੇਰਾ ਦਿਲ-ਰੱਜਵਾਂ ਮਿਲਾਪ ਨਸੀਬ ਹੋਵੇ। (ਰੁੱਤ ਫਿਰਨ ਨਾਲ ਚੁਫੇਰੇ ਬਨਸਪਤੀ ਪਈ ਸੁਹਾਵਣੀ ਹੋ ਜਾਏ, ਪਰ) ਜਿੰਦ ਨੂੰ ਵੈਸਾਖ ਦਾ ਮਹੀਨਾ ਤਦੋਂ ਹੀ ਸੋਹਣਾ ਲੱਗ ਸਕਦਾ ਹੈ ਜੇ ਹਰੀ ਸੰਤ-ਪ੍ਰਭੂ ਮਿਲ ਪਏ।3।
BAARAH MAAHAA ~ THE TWELVE MONTHS: MAAJH, FIFTH MEHL, FOURTH HOUSE: |
ONE UNIVERSAL CREATOR GOD. BY THE GRACE OF THE TRUE GURU: |
In the month of Vaisaakh, how can the bride be patient? She is separated from her Beloved. She has forgotten the Lord, her Life-companion, her Master; she has become attached to Maya, the deceitful one. Neither son, nor spouse, nor wealth shall go along with you—only the Eternal Lord. Entangled and enmeshed in the love of false occupations, the whole world is perishing. Without the Naam, the Name of the One Lord, they lose their lives in the hereafter. Forgetting the Merciful Lord, they are ruined. Without God, there is no other at all. Pure is the reputation of those who are attached to the Feet of the Beloved Lord. Nanak makes this prayer to God: “Please, come and unite me with Yourself.” The month of Vaisaakh is beautiful and pleasant, when the Saint causes me to meet the Lord. || 3 ||