Sant Baba Inderjeet Singh jee Rakba Wale

ਮੈਂ ਵੀ ਭੇਖੀ, ਵਹਿਮੀ ਅਤੇ ਲਾਈ ਲੱਗ ਨਾਮ ਧਰੀਕ ਸਿੱਖ ਹਾਂ?


ਮਿਤੀ ੩੦ ਅਕਤੂਬਰ, ੨੦੧੫  ਨੂੰ ਮੈਂ ਜਦੋਂ ਮੀਰਾ ਲੋਮਾ ਕੈਲੀਫੋਰਨੀਆ ਵਿਖੇ ਨੈਸਲੇ ਦਾ ਲੋਡ ਚੁੱਕਣ ਲਈ ਉਡੀਕ ਕਰ ਰਿਹਾ ਸੀ ਤਾਂ ਉਥੇ ਵੇਟਿੰਗ ਹਾਲ ਵਿਚ ਇੱਕ ਹੋਰ ਪੰਜਾਬੀ ਜਿਹਨਾਂ ਦਾ ਨਾਮ ਪੁੱਛਣ ਤੋਂ ਪਤਾ ਲੱਗਾ "ਗਿੱਲ" ਸਾਹਿਬ ਨਾਲ ਮੁਲਾਕਾਤ ਹੋਈ ਜਿਸਦਾ ਵੇਰਵਾ ਲਿਖਣਾ ਦਿਲਚਸਪੀ ਤੋਂ ਘੱਟ ਨਹੀਂ ਹੋਵੇਗਾ, ਜਿਸ ਨਾਲ  ਮੇਰੀਆਂ ਅੱਖਾਂ ਖੁੱਲ੍ਹ ਗਈਆਂ ਵਹਿਮਾ, ਭਰਮਾਂ ਅਤੇ ਟੂਣੇ ਟਾਮਣਾ ਤੋਂ ਸ਼ਾਹਿਦ ਕਿਸੇ ਹੋਰ ਦੀਆਂ ਵੀ ਖੁੱਲ੍ਹ ਜਾਣ। 
ਗਿੱਲ ਸਾਹਿਬ : ਸਤਿ ਸ੍ਰੀ ਅਕਾਲ ਜੀ
ਮੈਂ: ਸਤਿ ਸ੍ਰੀ ਅਕਾਲ ਜੀ 
ਗਿੱਲ ਸਾਹਿਬ :ਕਿਹੜੀ ਜਗ੍ਹਾ ਤੋਂ ਹੋ ਜੀ ਪੰਜਾਬ ਤੋਂ
ਮੈਂ: ਜੀ ਫਤਹਿਗੜ੍ਹ ਸਾਹਿਬ ਤੋ, ਆਪ ਇਥੇ ਕਿਹੜੀ ਜਗ੍ਹਾ ਤੋਂ ਹੋ, ਮੈਂ ਉਹਨਾਂ ਨੂੰ ਪੁਛਿਆ
ਗਿੱਲ ਸਾਹਿਬ : ਸਟਾਕਟਨ ਤੋਂ ਹਾਂ ਜੀ,  ਬੱਸ ਦੋ ਰੋਟੀਆਂ ਖਾਣੀਆਂ ਹਨ ਇੱਕ ਟ੍ਰੱਕ ਹੈ ਟ੍ਰੇਲਰ ਆਪਣਾ ਹੈ ੨੦੦੯ ਮਾਡਲ ਕੋਈ ਝੰਜਟ ਨਹੀਂ ਕੋਈ ਟੈਂਸ਼ਨ ਨਹੀਂ। 
ਮੈਂ: ਵਧੀਆ ਗੱਲ ਹੈ ਜੀ ਨਹੀਂ ਤਾਂ ਲੋਕੀ ਜੀਣ ਨਹੀਂ ਦਿੰਦੇ ਕਿ ਨਵਾਂ ਟ੍ਰੱਕ ਲਵੋ ਹੋਰ ਜ਼ਿਆਦਾ ਕੰਮ ਵਧਾਓ
ਗਿੱਲ ਸਾਹਿਬ : ਮੈਨੂੰ ਵੀ ਕਈਆਂ ਨੇ ਆਖਿਆ ਕਿ ਹੋਰ ਕੰਮ ਵਧਾਓ ਮੈਂ ਕਿਹਾ ਬਾਬੇ ਦੀ ਕ੍ਰਿਪਾ ਨਾਲ ਦੋ ਰੋਟੀਆਂ ਅਤੇ ਇੱਜ਼ਤ ਮਿਲ ਰਹੀ ਹੈ ਹੋਰ ਕੀ ਚਾਹੀਦਾ ਹੈ?
ਮੈਂ:  ਬਿਲਕੁਲ ਜੀ ਜਿਹਨਾਂ ਨੂੰ ਰੱਬ ਨੇ  ਸਬਰ ਅਤੇ ਸੰਤੋਕ ਦੀ ਅਣਮੁੱਲੀ ਦਾਤ ਦੇ ਦਿੱਤੀ ਉਸ ਵਰਗੀ ਅਮੀਰੀ ਹੈ ਹੀ ਨਹੀਂ।
ਗਿੱਲ ਸਾਹਿਬ : ਮੈਂ ਕਦੇ ਸੋਚਿਆ ਵੀ ਨਹੀਂ ਸੀ ਕਿ ਕਦੇ ਅਮਰੀਕਾ ਆ ਜਾਵਾਂਗਾ, ਪਰੰਤੂ  ਇਕ ਮੇਰਾ ਦੋਸਤ ਸੀ ਜੋ ਇੱਕ ਪੰਡਿਤ ਸੀ ਜਿਸਨੇ ਅਚਾਨਕ ਮੇਰੇ ਹੱਥ ਦੀ ਲਕੀਰ ਪੜ੍ਹ ਕੇ ਕਹਿ ਦਿੱਤਾ ਕਿ ਤੇਰੇ ਬਾਹਰ ਜਾਣ ਦਾ ਪੱਕਾ ਬੰਦੋਬਸਤ ਹੋ ਰਿਹਾ ਹੈ। ਮੈਂ ਹੱਸ ਕੇ ਕਿਹਾ ਕਿ ਪੰਡਿਤ ਜੀ ਮੇਰੇ ਕੋਲ ਤਾਂ ਪਾਸਪੋਰਟ ਵੀ ਨਹੀਂ। ਉਹਨਾਂ ਨੇ ਮੇਰੇ ਕੋਲੋ ਕੁੱਝ ਰਕਮ ਵੀ ਉਧਾਰ ਲਈ ਹੋਈ ਸੀ। ਮੈਂ ਸੋਚਿਆ ਕਿ ਪੰਡਤ ਜੀ ਉਸ ਰਕਮ ਦੇ ਕਾਰਣ ਸ਼ਾਇਦ ਮੇਰਾ ਧਿਆਨ ਭਟਕਾ ਰਹੇ ਹ, ਪਰੰਤੂ ਮੇਰੀ ਹੈਰਾਨੀ ਦੀ ਕੋਈ ਹੱਦ ਨਾ ਰਹੀ ਕਿ ਮੇਰਾ ਇਕ ਏਜੰਟ ਨਾਲ ਰਾਬਤਾ ਹੋਇਆ ਜਿਸਨੇ ਪਾਸਪੋਰਟ ਵੀ ਬਣਵਾ ਕੇ ਵੀਜਾ  ਡੁਬਈ ਦਾ ਲਗਵਾ ਦਿੱਤਾ ਮੈਂ ਡੁਬਈ ਟਰਾਲਾ ਚਲਾਉਣ ਲੱਗ ਪਿਆ। ਇਸ ਨਾਲ ਮੇਰਾ ਪੱਕਾ ਵਿਸ਼ਵਾਸ਼ ਬਣ ਗਿਆ ਕਿ ਪੰਡਿਤ ਜੀ ਨੇ ਬਿਲਕੁਲ ਸਹੀ ਕਿਹਾ ਸੀ। ਮੈਨੂੰ ਉਸ ਤੋਂ ਬਾਅਦ ਅਮਰੀਕਾ ਆਉਣ ਲਈ ਵੀ ਇਕ ਏਜੰਟ ਨੇ ਪ੍ਰਬੰਧ ਕਰ ਦਿੱਤਾ ਇਥੇ ਆ ਕੇ ਮੈਂ ਪੱਕਾ ਹੋ ਗਿਆ ਅਤੇ ਪ੍ਰੀਵਾਰ ਵੀ ਆ ਗਿਆ ਮੇਰੇ ਕੋਲ  ਦੋ ਬੱਚੇ ਹਨ ਬੇਟੀ ਤੇ ਬੇਟਾ  ਮੇਰੀ ਬੇਟੀ  ੧੬ ਸਾਲ ਦੀ ਹੋ ਚੁੱਕੀ ਜਦੋਂ ਮੈਂ ਪੰਜਾਬ ਗਿਆ ਅਤੇ ਉਸ ਪੰਡਿਤ ਨੂੰ ਮਿਲਣ ਕਿ ਧੰਨਵਾਦ ਕਰ ਕੇ ਆਵਾਂ। ਜਦੋਂ ਮੈਂ ਉਸ ਦੇ ਘਰ ਪਹੁੰਚਿਆ ਤਾਂ ਉਸ ਦੀ ਘਰਵਾਲੀ ਇੱਕ ਪੋਟਲੀ ਵਿਚ ਕੁਝ ਲੈ ਕੇ ਆਈ ਤਾਂ ਜਦੋਂ ਉਸਨੇ ਉਸ ਨੂੰ ਖੋਲ੍ਹਿਆ ਤਾਂ ਉਸ ਵਿਚ ਮਾਇਆ ਸੀ ਅਤੇ ਕਹਿਣ ਲੱਗੀ ਕਿ ਬਾਬੂ ਜੀ ਅਕਾਲ ਚਲਾਣਾ ਕਰ ਗਏ ਹਨ ਪਰੰਤੂ ਉਹਨਾਂ ਕਿਹਾ ਸੀ ਕਿ ਅਮਾਨਤ ਸਰਦਾਰ ਸਾਹਿਬ ਦੀ ਜਰੂਰ ਵਾਪਿਸ ਕਰ ਦੇਣੀ। ਮੈਂ ਉਸ ਮਾਇਆ ਨੂੰ ਲੈਣ ਤੋਂ ਇਨਕਾਰ ਕਰ ਦਿੱਤਾ ਪਰੰਤੂ ਉਹਨਾ ਜ਼ੋਰ ਪਾ ਕੇ ਕਿਹਾ ਕਿ ਸਿਰਫ ਹੱਥ ਲਗਾ ਦੇਵੋ ਕਿ ਤੁਸੀਂ ਲੈ ਲਈ ਅਸੀਂ ਕਿਸੇ ਨੂੰ ਦਾਨ ਕਰ ਦੇਵਾਂਗੇ।  ਮੈਂ ਉਹਨਾਂ ਦੀ ਗੱਲ ਮੰਨ ਲਈ ਅਤੇ ਫਿਰ ਉਹਨਾਂ ਚਾਹ ਪਾਣੀ ਦਾ ਇੰਤਜ਼ਾਮ ਕਰ ਦਿੱਤਾ ਉਹ ਛਕਣ ਛਕਾਉਣ ਤੋਂ ਬਾਅਦ ਉਹਨਾਂ ਦੇ ਬੇਟੇ ਨੇ ਮੈਨੂੰ ਕਿਹਾ ਕਿ ਬਾਬੂ ਜੀ ਵਾਲਾ ਕੰਮ ਭਾਵ ਹੱਥ ਦੇਖਣਾ ਆਦਿ ਉਸਨੇ ਸਿੱਖ ਲਿਆ ਹੈ ਅਤੇ ਵਧੀਆ ਕਰ ਲੈਂਦਾ ਹੈ। ਐਨੇ ਨੂੰ ਉਸ ਨੇ ਮੈਨੂੰ ਕਿਹਾ ਕਿ  ਮੇਰੇ  ਕੋਲ ੧੦ ਮਹੀਨੇ ਵਿਚ ਬੇਟਾ ਆਉਣ ਵਾਲਾ ਹੈ। ਮੈਂ ਬੜਾ ਹੈਰਾਨ ਕਿ ਡਾਕਟਰਾਂ ਨੇ ਤਾਂ ਜਵਾਬ ਦਿੱਤਾ ਹੈ ਕੁੜੀ ਵੀ ੧੬ ਸਾਲਾਂ ਦੀ ਹੋ ਚੁੱਕੀ ਹੈ ਇਹ ਕਿਵੇਂ ਚਲੋ ਮੈਂ ਉਥੋਂ ਜੋ ਉਸਨੇ ਉਪਾਓ ਕਰਨ ਲਈ ਕਿਹਾ ਸੀ ਉਹ ਗੁਰਦੁਆਰਾ ਸਾਹਿਬ ਵਿਚ ਕੁਝ ਰੱਖਣ ਲਈ ਕਿਹਾ ਸੀ ਜਿਸ ਤੋਂ ਮੈਂ ਇਨਕਾਰ ਕਰ ਦਿੱਤਾ ਕਿ ਇਹ ਕੰਮ ਔਖਾ ਹੈ ਫਿਰ ਉਸਨੇ ਆਪ ਹੀ ਕਿਸੇ ਮੰਦਰ ਦਾ ਨਾਮ ਦਿੱਤਾ ਜੋ ਅਮਰੀਕਾ ਵਿਚ ਹੀ ਮੈਂ ਉਥੇ ਜਾ ਕੇ ਉਹ ਉਪਾਓ ਕਰ ਦਿੱਤਾ ਪੰਡਤ ਦੇ ਬੇਟੇ ਦੇ ਕਹਿਣ ਮੁਤਾਬਿਕ। ਫਿਰ ੧੦ ਮਹੀਨਿਆ ਬਾਅਦ ਜੋ ਤਾਰੀਖ ਉਸਨੇ ਆਖੀ ਸੀ ਉਸੇ ਦਿਨ ਮੇਰੀ ਘਰ ਵਾਲੀ ਕੋਲ ਬੇਟੇ ਨੇ ਜਨਮ ਲਿਆ। ਇਸ ਨਾਲ ਮੇਰਾ ਤਾਂ ਵਿਸ਼ਵਾਸ਼ ਬਹੁਤ ਹੈ ਉਸ ਪੰਡਿਤ ਤੇ ਜਿਸਨੇ ਹੱਥਾਂ ਉਤੇ ਸਰੋਂ ਜਮਾ ਦਿੱਤੀ।ਉਸਨੇ ਆਖਿਆ ਕਿ ਮੇਰੀ ਘਰ ਵਾਲੀ ਦੀ ਕਿਸੇ ਰਿਸ਼ਤੇਦਾਰ ਨੇ ਕੁੱਖ ਬੰਨਾ ਦਿਤੀ ਸੀ ਜਿਸ ਦਾ ਨਾਮ ਵੀ ਉਸਨੇ ਮੈਨੂੰ ਬਾਅਦ ਵਿਚ ਦੱਸ ਦਿੱਤਾ ਸੀ। 
ਮੈਂ:  ਵਾਹ ਕਮਾਲ ਹੋ ਗਈ ਲੋਕੀਂ ਕੁੱਖਾਂ ਵੀ ਬੰਨ੍ਹਵਾ ਸਕਦੇ ਹਨ, ਕੰਮ ਵੀ ਅਤੇ ਵਿਚਾਰਿਆਂ ਰਾਜਿਆਂ ਤੋਂ ਭਿਖਾਰੀਆਂ ਵਾਲੀ ਹਾਲਤ ਵਿਚ ਬਣਾ ਸਕਦੇ ਹਨ। 
ਗਿੱਲ ਸਾਹਿਬ : ਹਾਂ ਜੀ  ਇਸੇ ਤਰ੍ਹਾ ਇੱਕ ਸਰਦਾਰ ਜੀ ਸੈਕਰਾਮੈਂਟੋ ਵਿਚ ਵੀ ਹਨ ਜੋ ਬਿਲਕੁਲ ਸਾਦੇ ਲਿਵਾਸ ਵਿਚ ਹਨ ਅਤੇ ਉਹ ਵੀ ਲੋਕਾਂ ਦੇ ਬੰਨੇ ਹੋਏ ਕੰਮ ਖੁਲਵਾ ਦਿੰਦੇ ਹਨ ਮੇਰੇ ਚੰਗੇ ਦੋਸਤ ਹਨ ਉਹਨਾਂ ਕੋਲ ਮੈਂ ਆਪਣੇ ਇਕ ਦੋਸਤ ਨੂੰ ਲੈ ਜਾਣ ਲਈ ਆਖਿਆ ਤਾਂ ਉਹ ਵੀ ਤੁਹਾਡੇ ਵਰਗੇ ਗੁਰਸਿੱਖ ਸਨ ਪਰੰਤੂ ਕਹਿੰਦੇ ਕਿ ਉਹਨਾਂ ਦਾ ਇਹਨਾ ਗੱਲਾਂ ਵਿਚ ਕੋਈ ਵਿਸ਼ਵਾਸ਼ ਨਹੀਂ, ਗੁਰੂ ਦੀ ਰਜ਼ਾ ਵਿਚ ਰਹਿਣਾ ਚਾਹੀਦਾ ਹੈ। ਬਸ ਕੁਝ ਮਹੀਨਿਆ ਬਾਅਦ ਉਸੇ ਗੁਰਸਿੱਖ ਦੀ ਕਾਲ ਆਈ ਕਿ ਗਿੱਲ ਸਾਹਿਬ ਮੈਨੂੰ ਸੈਕਰਾਮੈਂਟੋ ਵਾਲੇ ਬਾਬਾ ਜੀ ਕੋਲ ਲੈ ਚੱਲੋ। ਮੈਂ ਉਸਨੂੰ ਕਿਹਾ ਕਿ ਤੁਸੀਂ ਇਹਨਾਂ ਵਿਚ ਯਕੀਨ ਨਹੀਂ ਕਰਦੇ। ਤਾਂ ਉਹਨਾਂ ਕਿਹਾ ਕਿ ਕੰਮ ਹੁਣ ਤਾਂ ਇੰਨਾ ਰੁਕ ਗਿਆ ਕਿ ਰੋਟੀ ਤੋਂ ਮੁਥਾਜ਼ ਹੋਣ ਕਿਨਾਰੇ ਹੈ। ਮੈਂ ਉਸ ਨੂੰ ਉਹਨਾਂ ਕੋਲ ਲੈ ਗਿਆ ਜਿਹਨਾ ਨੇ ਉਸ ਜੋ ਉਪਾਓ ਦੱਸਿਆ ਉਹ ਕਰਵਾ ਦਿੱਤਾ ਅੱਜ ਵਧੀਆ ਕਾਰੋਬਾਰ ਹੈ ਸੁੱਖ ਸ਼ਾਂਤੀ ਨਾਲ ਰਹਿ ਰਹੇ ਹਨ।
(ਉਪਰੋਕਤ ਸਭ ਕੁਝ ਸੁਣ ਕੇ ਮੈਂ ਗਿੱਲ ਸਾਹਿਬ ਨੂੰ ਬਹੁਤ ਵਡਭਾਗਾ ਸਮਝ ਰਿਹਾ ਸੀ। ਮੇਰਾ ਮਨ ਇੱਕ ਵਾਰੀ ਉਹਨਾਂ ਦੀਆਂ ਗੱਲਾਂ ਵਿਚ ਆ ਗਿਆ ਅਤੇ ਕੁੱਝ ਪਲ ਇਹ ਵਿਊਂਤ ਬਣਾਉਣ ਲੱਗਾ ਕਿ ਮੇਰੇ ਕੋਲ ਵੀ ਮਾਇਆ ਟਿਕਦੀ ਨਹੀਂ, ਸਰੀਰਕ ਕਸ਼ਟ ਵੀ ਰਹਿੰਦਾ ਹੈ, ਕੰਮਕਾਰ ਵੀ ਅੜਿੱਕੇ ਪਈ ਜਾਂਦੇ ਹਨ ਐਕਸੀਡੈਂਟ ਬਹੁਤ ਹੋ ਰਹੇ ਹਨ, ਸੁਭਾਉ ਵੀ ਚਿੜਚਿੜਾ ਜਿਹਾ ਦਿਨ ਪ੍ਰਤੀਦਿਨ ਹੋ ਰਿਹਾ ਹੈ। ਬਰਕਤ ਨਾਮ ਦੀ ਕੋਈ ਚੀਜ਼ ਹੀ ਨਹੀਂ ਦਿਸਦੀ। ਸਭ ਕੰਮ ਅਸਫਲ ਹੋਈ ਜਾਂਦੇ ਹਨ। ਇਹ ਸਭ ਕੁਝ ਸੋਚ ਵਿਚਾਰ ਕਰਨ ਉਪਰੰਤ ਸੈਕਰਾਮੈਂਟੋ ਵਾਲੇ ਬਾਬਾ ਜੀ ਨੂੰ ਮਿਲਣ ਦਾ ਮਨ ਬਣ ਗਿਆ ਅਤੇ ਗਿੱਲ ਸਾਹਿਬ ਤੋਂ ਉਸ ਪੰਡਤ ਦਾ ਵੀ ਫੋਨ ਨੰਬਰ ਲੈਣ ਹੀ ਲੱਗਾ ਸੀ ਕਿਹਾ , "ਗਿੱਲ ਸਾਹਿਬ ਤੁਸੀਂ ਭਾਗਾਂ ਵਾਲੇ ਹੋ ਕਿ ਤੁਹਾਡਾ ਕੰਮ ਵੀ ਵਧੀਆਂ ਹੈ, ਰੱਬ ਨੇ ਪੁੱਤਰ ਦੀ ਦਾਤ ਵੀ ਪੰਡਿਤ ਦੇ ਜ਼ਰੀਏ ਬਖਸ਼ ਦਿੱਤੀ ਤੁਸੀਂ ਹੋਰ ਵੀ ਲੋਕਾਂ ਦਾ ਭਲਾ ਸੈਕਰਾਮੈਂਟੋ ਵਾਲੇ ਬਾਬਾ ਜੀ ਤੋਂ ਕਰਵਾ ਦਿੱਤਾ ਹੈ"
ਗਿੱਲ ਸਾਹਿਬ : ਹਾਂ ਜੀ ਹੱਥਾਂ ਉਤੇ ਸਰ੍ਹੋਂ ਜਮਾਉਣ ਵਾਲਾ ਕੰਮ ਹੋਇਆ ਹੈ ।  ਮੇਰਾ ਤਾਂ ਪੱਕਾ ਵਿਸ਼ਵਾਸ਼ ਹੁਣ ਉਹਨਾਂ ਉਤੇ ਟਿਕ ਗਿਆ ਹੈ। ਜੋ ਉਹ ਕਹਿੰਦੇ ਹਨ ਪੂਰਾ ਹੁੰਦਾ ਹੈ।
ਮੈਂ:   ਤੁਹਾਡੀਆਂ ਗੱਲਾਂ ਨੂੰ ਸੁਣਕੇ  ਮੇਰਾ ਮਨ ਵੀ ਡੋਲ ਗਿਆ ਸੀ ਕਿਉਂ ਨਾ ਮੈਂ ਵੀ ਆਪਣੇ ਕਲਕਲੇਸ਼ ਨੂੰ ਦੂਰ ਕਰਵਾਉਣ ਲਈ ਪੰਡਿਤ ਜੀ ਤੇ ਬਾਬਾ ਜੀ ਸੈਕਰਾਮੈਂਟੋ ਵਾਲਿਆਂ ਨੂੰ ਮਿਲ ਲਵਾਂ, ਪਰੰਤੂ  ਮੇਰੇ ਅੰਦਰੋ ਜੋ ਜ਼ਮੀਰ ਦੀ ਆਵਾਜ਼ ਆਈ ਹੈ ਉਹ ਇਹ ਹੈ, "੨੦੧੫  ਵਿਚ ਕੁਝ ਦਿਨ ਪਹਿਲਾਂ ਤੈਨੂੰ ਕਲੋਰਾਡੋ ਦੇ ਵਿਚ ਭਿਆਨਕ ਪਹਾੜੀ ਤੋਂ ਬਰੇਕਾਂ ਫੇਲ ਹੋ ਜਾਣ ਦੇ ਬਾਵਜ਼ੂਦ ਵੀ ਵਾਲ ਵਾਲ ਪ੍ਰਮਾਤਮਾ ਨੇ ਬਚਾ ਲਿਆ।  ਸਤੰਬਰ ਵਿਚ ਮਿਸੂਰੀ ਵਿਚ ਤੈਨੂੰ ਐਕਸੀਡੈਂਟ ਵਿਚੋਂ ਬਚਾ ਲਿਆ,  ੨੦੧੦ ਵਿਚ ਕੈਂਸਰ ਦੀ ਭਿਆਨਕ ਬਿਮਾਰੀ ਤੋਂ ਤੈਨੂੰ ਬਚਾ ਲਿਆ,  ੨੦੦੪ ਵਿਚ ਭੈਣ ਜਿਸਨੂੰ ਡਾਕਟਰਾਂ ਨੇ ਜਵਾਬ ਦੇ ਦਿੱਤਾ ਸੀ ਉਸਨੂੰ ੭ ਦਿਨ ਬੇਹੋਸ਼ ਰਹਿਣ ਤੋਂ ਬਾਅਦ ਵੀ ਜ਼ਿੰਦਗੀ ਬਖਸ਼ ਦਿੱਤੀ। ੨੦੦੩ ਵਿਚ ਐਫ.ਬੀ.ਆਈ. ਤੋਂ ਬਚਾਇਆ। ੧੯੮੮ ਵਿਚ ਗਾਂ ਦੇ ਨਾਲ ਮੋਟਰਸਾਈਕਲ ਦੀ ਟੱਕਰ ਹੋਣ ਤੇ ਗਾਂ ਦੀ ਮੌਤ ਤੈਨੂੰ ਫਿਰ ਬਚਾ ਲਿਆ। ਇੰਨੀਆਂ ਘਟਨਾਵਾਂ ਤੋਂ ਬਾਅਦ ਵੀ ਤੇਰੀ ਰੱਖਿਆ ਵਾਹਿਗੁਰੂ ਕਰ ਰਿਹਾ ਹੈ। ਪ੍ਰੀਵਾਰ ਇਥੇ ਆ ਗਿਆ ਬੱਚੇ ਹੋਣਹਾਰ ਹਨ ਨੂੰਹ ਵੀ ਚੰਗੀ ਹੈ, ਬੇਟੀ ਵੀ ਚੰਗੀ ਪੜ੍ਹਾਈ ਕਰ ਰਹੀ ਹੈ ਸਾਰੇ ਕਾਰਜ ਵਾਹਿਗੁਰੂ ਕਰ ਰਿਹਾ ਹੈ। ਕੰਮ ਕਾਰ ਵੀ ਆਈ ਚਲਾਈ ਵਧੀਆ ਹੈ। ਕੀ ਕਦੇ ਸੋਚਿਆ ਜਿਹਨਾਂ ਕੋ ਇਹ ਸਭ ਕੁਝ ਨਹੀਂ ਵੀ ਉਹ ਵੀ ਤਾਂ ਸਰਵਾਈਵ ਕਰ ਰਹੇ ਹਨ।  ਕੀ ਕਦੇ ਸੋਚਿਆ ਕਿ ਗੁਰੁ ਗੋਬਿੰਦ ਸਿੰਘ ਸਾਹਿਬ ਨੇ ਸਾਰਾ ਸਰਬੰਸ ਸਿੱਖ ਪੰਥ ਦੀ ਆਨ ਮਾਣ ਅਤੇ ਸ਼ਾਨ ਲਈ ਵਾਰ ਦਿੱਤਾ ਸੀ ਅਤੇ ਆਖਿਆ ਸੀ, "ਪੰਥ ਵਸੇ ਮੈਂ ਉਜੜਾਂ ਮਨ ਚਾਉ ਘਨੇਰਾ"  ਗੁਰੂ ਤੇਗ ਬਹਾਦਰ ਸਾਹਿਬ ਨੇ ਹਿੰਦੂ ਧਰਮ ਦੀ ਰੱਖਿਆ ਲਈ ਕੁਰਬਾਨੀ ਦਿੱਤੀ। ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਤੱਤੀ ਤਵੀ ਉਤੇ ਬੈਠ ਕੇ ਵੀ ਲਾਸਾਨੀ ਕੁਰਬਾਨੀ ਦਿੱਤੀ ਅਤੇ ਉਚਾਰਿਆ, "ਤੇਰਾ ਕੀਆ ਮੀਠਾ ਲਾਗੈ", ਛੋਟੇ ਸਾਹਿਬਜ਼ਾਦਿਆਂ ਨੂੰ ਸਰਹਿੰਦ ਦੀ ਦੀਵਾਰ ਵਿਚ ਖੜਿਆਂ ਨੂੰ ਤੱਕ ਜਿਹਨਾਂ ਨੂੰ ਸਭ ਰਾਜ ਭਾਗ ਵੀ ਮਿਲ ਰਿਹਾ ਸੀ ਉਹਨਾਂ ਨੇ  ਸਿੱਖੀ ਨੂੰ ਦਾਗ ਨਾ ਲਾਇਆ, ਸ਼ਹੀਦੀਆਂ  ਪ੍ਰਾਪਤ ਕੀਤੀਆਂ। ਉਹਨਾਂ ਲੱਖਾਂ ਸਿੱਖ ਸ਼ਹੀਦਾਂ, ਸਿੰਘਾਂ ਸਿੰਘਣੀਆਂ, ਭੁਝੰਗੀ ਅਤੇ ਭੁਝੰਗਣਾਂ ਵੱਲ ਤੱਕ ਜਿਹਨਾਂ ਨੇ ਪਿਛੋਕੜ ਵਿਚ ਅਤੇ ਮੌਜ਼ੂਦਾ ਸਮੇਂ ਦੌਰਾਨ ਸ਼ਹੀਦੀਆਂ ਹੱਸ ਹੱਸ ਕੇ ਪਾਈਆਂ ਸਰੀਰਾਂ ਉਤੇ ਕਸ਼ਟ ਉਠਾਏ ਅਤੇ ਜੇਲ੍ਹਾਂ ਵਿਚ ਬੰਦ ਹਨ,  ਬਾਪੂ ਸੂਰਤ ਸਿੰਘ ਖਾਲਸਾ ਵਰਗੇ  ੨੯੦ ਦਿਨਾਂ ਤੋਂ ਭੁਖਣਭਾਣੇ ਉਸ ਕਰਤਾਰ ਦੀ ਰਜ਼ਾ ਵਿਚ ਵਿਚਰ ਰਹੇ ਹਨ। ਕੀ ਇਹਨਾਂ ਸਭਨਾਂ ਨੇ ਕਦੇ ਕਿਸੇ ਪੰਡਤ ਕੋਲ ਜਾ ਕੇ ਫਰਿਆਦ ਕੀਤੀ ਜਾਂ ਅਖਾਉਤੀ ਬਾਬਿਆਂ ਕੋਲ ਮੱਥਾ ਰਗੜਿਆ ? ਨਹੀਂ
ਪਰੰਤੂ ਤੂੰ ਇਹ ਗੁਰਸਿੱਖ ਹੋ ਕੇ ਪੰਡਿਤਾ ਕੋਲਾਂ ਉਪਾਉ ਕਰਵਾਉਣ ਦੇ ਮਨ ਵਿਚਾਰ ਬਣਾ ਰਿਹਾ ਹੈਂ ਅਤੇ ਅਖਾਉਤੀ ਬਾਬਿਆਂ ਕੋਲ ਜਾਣ ਲਈ ਸੋਚ ਰਿਹਾ ਹੈਂ। ਧਿਰਕਾਰ ਹੈ ਤੇਰਾ ਨਾਮ ਧਰੀਕ ਸਿੱਖ ਹੋਣ ਤੇ, ਇਸ ਨਾਲੋਂ ਤਾਂ ਆਪਣਾ ਲਿਬਾਸ ਬਦਲ ਕੇ ਕੋਈ ਪੰਡਿਤ ਦੇ ਘਰ ਚਲਾ ਜਾ। ਤੇਰੇ ਵਰਗੇ ਭੇਖੀ 'ਸਿੱਖ' ਦੀ ਮੈਨੂੰ ਲੋੜ ਨਹੀਂ ਜਾ ਤੂੰ ਤਾਂ ਸਿੰਘ ਲਿਖਣਾ ਦੇ ਲਾਇਕ ਵੀ ਨਹੀਂ। ਲੱਖ ਲਾਹਨਤ ਹੈ ਤੇਰੇ ਜਿਹੇ ਭੇਖੀ, ਪਾਖੰਡੀ ਅਤੇ ਲਾਈ ਲੱਗ ਬੰਦੇ ਤੇ"
ਉਪਰੋਕਤ ਲਫਜ਼ ਜਦੋਂ ਮੇਰੀ ਜ਼ਮੀਰ ਮੇਰੇ ਮੂੰਹੋਂ ਕਢਵਾ ਰਹੀ ਸੀ ਅਤੇ ਡਾਂਟ ਪਾ ਰਹੀ ਸੀ ਤਾਂ ਮੈਨੂੰ ਪੂਰਾ ਜੋਸ਼ ਆਇਆ ਹੋਇਆ ਸੀ ਅਤੇ ਮੇਰੀਆਂ ਅੱਖਾਂ ਖੁੱਲ੍ਹ ਚੁੱਕੀਆਂ ਸਨ ਅਤੇ ਗਿੱਲ ਸਾਹਿਬ ਥਰ ਥਰ ਕੰਬ ਰਹੇ ਸਨ ਅਤੇ ਹੋਲੀ ਜਿਹੇ ਉਥੋਂ ਫਤਹਿ ਬੁਲਾ ਕੇ ਤਿੱਤਰ ਹੋ ਗਏ।  ਹੁਣ ਜੇਕਰ ਤੁਹਾਡੀ ਕਿਸੇ ਇਕ ਦੀ ਵੀ ਜ਼ਮੀਰ ਜਾਗ ਜਾਵੇ ਤਾਂ ਇਸ ਵਿਚ ਗੁਰੂ ਸਾਹਿਬ ਦਾ ਹੀ ਕ੍ਰਿਸ਼ਮਾ ਹੋਵੇਗਾ ਜੋ ਇਹਨਾਂ ਭੇਖੀਆਂ ਕੋਲੋਂ ਬਚ ਜਾਵੇ ਨਹੀਂ ਤਾਂ ਇਹਨਾਂ ਦੇ ਏਜੰਟ ਸਾਡੇ ਭੋਲੇ ਭਾਲੇ ਸਿੱਖਾਂ ਨੂੰ ਵੀ ਮੁੜ ਬਿਪਰਨ ਕੀ ਰੀਤ ਵਿਚ ਘਸੀਟੀ ਜਾ ਰਹੇ ਹਨ।
ਗੁਰੂ ਭਲਾ ਕਰੇ, ਜੋ ਸੱਚ ਹੈ ਕੌੜਾ ਹੈ ਮੇਰੀ ਆਤਮਾ ਨੇ ਲਿਖਵਾ ਦਿੱਤਾ ਕਿਸੇ ਦੇ ਗਿੱਟੇ ਲੱਗੇ ਗੋਡੇ ਲੱਗੇ ਮੇਰਾ ਤਾਂ ਵਿਸ਼ਵਾਸ਼ ਅਟੱਲ ਗੁਰੂ ਗ੍ਰੰਥ ਸਾਹਿਬ ਤੇ ਬਣ ਚੁੱਕਾ ਹੈ ਤੁਹਾਡਾ ਬਣ ਜਾਵੇ ਅਰਦਾਸ ਹੈ। ਗੁਰਜੀਤ ਸਿੰਘ ਝਾਂਮਪੁਰ  ੫੧੦ ੬੫੭ ੮੨੦੫


Audio Gurbani at Spotify