ੴ ਸਤਿਗੁਰ ਪ੍ਰਸਾਦਿ॥
ਨਿਮਰਤਾ, ਸ਼ਹਿਣਸ਼ੀਲਤਾ, ਮਿੱਠਾ ਬੋਲਣਾ, ਸਿਮਰਨ, ਸੇਵਾ, ਸਬਰ, ਸੰਤੋਖ, ਸੁਕ੍ਰਿਤ, ਸਦਗੁਣ, ਧਾਰਮਿਕ ਜੀਵਨ, ਰਹਿਤ ਮਰਿਯਾਦਾ, ਨਿੱਡਰਤਾ, ਦਇਆ, ਇਮਾਨਦਾਰੀ, ਸੱਚਾਈ, ਭਲਾਈ, ਲੋਕ ਸੇਵਾ, ਬ੍ਰਹਮ ਗਿਆਨ ਅਤੇ ਸਥਿਰਤਾ।
ਅੱਜ ਪ੍ਰਮਾਤਮਾ ਨੇ ਬਹੁਤ ਹੀ ਦੇਰ ਬਾਅਦ ਸਮਾਂ ਬਖ਼ਸ਼ਿਆ ਹੈ ਕਿ ਕੁੱਝ ਸਤਰਾਂ ਲਿਖਾਂ । ਇਹ ਸਤਰਾਂ ਇਸ ਲਈ ਲਿਖ ਰਿਹਾ ਹਾਂ ਕਿ ਬਹੁਤ ਸਾਰਾ ਸਮਾਂ ਵਿਅਰਥ ਗੁਆਉਣ ਤੋਂ ਬਾਅਦ ਅੱਜ ਸੁਖਮਨੀ ਸਾਹਿਬ ਦੇ ਪਾਠ ਕਰਨ ਦਾ ਸੁਭਾਗ ਪ੍ਰਾਪਤ ਹੋਇਆ ਅਤੇ ਸੁਣਨ ਦਾ ਅਨੰਦ ਲੈਣ ਲਈ ਸਮਾਂ ਗੁਰੂ ਨੇ ਬਖ਼ਸ਼ਿਆ।
ਵਿਚ ਜਿਹੜਾ ਵਿਅਕਤੀ ਜੀਵਨ ਬਤੀਤ ਕਰਦਾ ਹੈ ਉਸ ਨੂੰ ਕਿਸੇ ਪ੍ਰਕਾਰ ਦੀ ਵੀ ਚਿੰਤਾ ਕਰਨ ਦੀ ਲੋੜ ਨਹੀਂ ਕਿਉਂਕਿ ਪਹਿਲਾਂ ਤੋਂ ਹੀ ਵਾਹਿਗਰੂ ਨੇ ਸਾਡੀ ਪ੍ਰਾਲਬਧ ਲਿਖੀ ਹੋਈ ਹੈ ਜਿਥੇ ਵੀ ਸਾਡਾ ਅੰਨਜਲ ਲਿਖਿਆ ਹੋਇਆ ਹੈ ਅਸੀਂ ਉਸੇ ਜਗ੍ਹਾ ਪਹੁੰਚ ਕੇ ਚੁਗਦੇ ਫਿਰਦੇ ਹਾਂ। ਕਿਸੇ ਵਿਅਕਤੀ ਦਾ ਅੰਨਜਲ ਐਨੀ ਜਗ੍ਹਾ ਲਿਖਿਆ ਹੁੰਦਾ ਹੈ ਕਿ ਉਹ ਦੁਨੀਆਂ ਸਾਰੀ ਘੁੰਮ ਲੈਂਦਾ ਹੈ ਪ੍ਰੰਤੂ ਆਪਣਾ ਠਿਕਾਣਾ ਨਹੀਂ ਬਣਾ ਸਕਦਾ। ਭਾਵ ਉਹ ਇਕ ਯਾਤਰੂ ਵਾਂਗੂ ਇਸ ਦੁਨੀਆਂ ਨੂੰ ਘੁੰਮ ਕੇ ਅਖੀਰ ਆਪਣੇ ਅਸਲੀ ਘਰ ਮੌਤ ਤੋਂ ਬਾਅਦ ਲੋਕਾਈ ਦਾ ਭਲਾ ਕਰਦਾ ਹੋਇਆ ਚਲਾ ਜਾਂਦਾ ਹੈ। ਉਸਨੂੰ ਕਿਸੇ ਨਾਲ ਕੋਈ ਈਰਖਾ ਸਾੜਾ ਜਾਂ ਕੋਈ ਹੋਰ ਵੈਰ ਵਿਰੋਧ ਨਹੀਂ ਹੁੰਦਾ ਸਗੋਂ ਉਹ ਗੁਰੂ ਨਾਨਕ ਦੇਵ ਜੀ ਮਹਾਰਾਜ ਵਾਂਗੂ ਦੁਨੀਆਂ ਨੂੰ ਤਾਰਦਾ ਹੋਇਆ ਸੁਰਖਰੂ ਹੋ ਕੇ ਜਾਂਦਾ ਹੈ।
ਪ੍ਰੰਤੂ ਕਈਆਂ ਨੂੰ ਪ੍ਰਮਾਤਮਾ ਦਾ ਹੁਕਮ ਹੁੰਦਾ ਹੈ ਕਿ ਤੂੰ ਘਰ ਵਿੱਚ ਹੀ ਰਹਿਣਾ ਹੈ ਅਤੇ ਕਿਸੇ ਪਾਸੇ ਜਾਣ ਦੀ ਲੋੜ ਨਹੀਂ ਸੋ ਉਹਨਾਂ ਨੂੰ ਘਰ ਵਿਚ ਹੀ ਅੰਨਜਲ ਮਿਲਦਾ ਹੈ ਉਹਨਾਂ ਲਈ ਲੋਕੀਂ ਲੈ ਕੇ ਆਉਂਦੇ ਹਨ ਅਤੇ ਉਹਨਾਂ ਨੂੰ ਦੁਨੀਆਂ ਨਾਲ ਕੋਈ ਵਾਸਤਾ ਨਹੀਂ ਹੁੰਦਾ। ਇਹਨਾਂ ਵਿਚ ਉਹ ਹੁੰਦੇ ਹਨ ਜਿਹਨਾਂ ਨੂੰ ਕੋਈ ਅਸਾਧ ਰੋਗ ਜਾਂ ਕੋਈ ਹੋਰ ਬਿਮਾਰੀ ਲੱਗੀ ਹੁੰਦੀ ਹੈ ਜਿਹਨਾਂ ਨੂੰ ਮਜ਼ਬੂਰਨ ਹੀ ਘਰ ਵਿਚ ਰਹਿਣਾ ਪੈਂਦਾ ਹੈ। ਕਈਆਂ ਦਾ ਅੰਨਜਲ ਲਿਆਉਣ ਲਈ ਪ੍ਰਬਧ ਕਰਨ ਦੀ ਡਿਉਟੀ ਹੁੰਦੀ ਹੈ ਜੋ ਆਪਣੇ ਘਰ ਤੋਂ ਬਾਹਰ ਕਿਸੇ ਕਸਬੇ, ਸ਼ਹਿਰ ਜਾਂ ਵੱਡੇ ਮੈਟਰੋ ਪੋਲੀਟਨ ਸ਼ਹਿਰ ਹਰ ਰੋਜ਼ ਜਾਂਦੇ ਹਨ ਅਤੇ ਮਾਇਆ ਲੈ ਕੇ ਆਉਂਦੇ ਹਨ ਅਤੇ ਆਪਣਾ ਅੰਨਜਲ ਖਰੀਦ ਕੇ ਖਾਂਦੇ ਅਤੇ ਘਰਦਿਆਂ ਨੂੰ ਖਿਲਾਉਂਦੇ ਹਨ।
ਮੇਰੇ ਮਨ ਦਾ ਭਰਮ ਹੁਣ ੪੪ ਸਾਲ ਵਿਅਰਥ ਬਿਤਾਉਣ ਤੋਂ ਬਾਅਦ ਦੂਰ ਗੁਰੂ ਨੇ ਕੀਤਾ ਹੈ। ਹੁਣ ਇਹ ਸਮਝ ਆ ਗਈ ਹੈ ਕਿ ਕੋਈ ਵੀ ਆਪਣੇ ਮਨ ਦੇ ਪਿੱਛੇ ਲੱਗ ਕੇ ਕੀਤਾ ਕੰਮ ਵਿਅਕਤੀ ਨੂੰ ਪ੍ਰੇਸ਼ਾਨ ਹੀ ਕਰਦਾ ਹੈ ਅਤੇ ਕਦੇ ਵੀ ਸੰਤੁਸ਼ਟੀ ਨਹੀਂ ਦਿੰਦਾ ਸਗੋਂ ਮਨ ਅਤੇ ਸਰੀਰ ਤੰਗ ਪ੍ਰੇਸ਼ਾਨ ਹੀ ਹੁੰਦੇ ਹਨ।
ਇਸ ਲਈ ਜਿਹਨਾਂ ਲੋਕਾਂ ਨੁੰ ਕਿਸੇ ਸਿਆਣੇ ਵਿਅਕਤੀ ਦੀ ਸਲਾਹ ਲੈਣ ਦੀ ਆਦਤ ਹੁੰਦੀ ਹੈ ਉਹਨਾਂ ਨੁੰ ਕਿਸੇ ਪ੍ਰਕਾਰ ਦੀ ਦਿੱਕਤ, ਮੁਸ਼ਕਿਲ ਜਾਂ ਪ੍ਰੇਸ਼ਾਨੀ ਜ਼ਿੰਦਗੀ ਵਿਚ ਨਹੀਂ ਆਉਂਦੀ। ਪ੍ਰੰਤੂ ਜਿਹਨਾਂ ਦੀ ਕਿਸਮਤ ਵਿਚ ਖੁਆਰ ਹੋਣਾ ਲਿਖਿਆ ਹੈ ਉਹਨਾ ਨੂੰ ਕੋਈ ਵੀ ਸਲਾਹ ਚੰਗੀ ਨਹੀਂ ਲੱਗਦੀ। ਪਰੰਤੂ ਗੁਰੂ ਦੀ ਜੇਕਰ ਮੇਹਰ ਹੋ ਜਾਵੇ ਤਾਂ "ਖੁਆਰ ਹੋਏ ਸਭ ਮਿਲੇਂਗੇ' ਵਾਲੀ ਗੱਲ ਹੋ ਨਿੱਬੜਦੀ ਹੈ ਅਤੇ ਭੁਲੇ ਹੋਏ ਨੂੰ ਗੁਰੂ ਰਸਤੇ ਪਾ ਕੇ ਆਪਣੇ ਘਰ ਵੱਲ ਮੋੜ ਲੈਂਦਾ ਹੈ ਫਿਰ ਸਾਰੇ ਕਿਲਬਿਖ, ਮਾੜੇ ਕਰਮ ਅਤੇ ਪਛਤਾਵੇ ਵਾਲੇ ਕੰਮ ਛੁਟ ਜਾਂਦੇ ਹਨ ਅਤੇ ਪ੍ਰਭੁ ਦਾ ਸਿਮਰਨ ਚੰਗਾ ਲੱਗਦਾ ਹੈ ਅਤੇ ਸੇਵਾ ਸਿਮਰਨ ਅਤੇ ਪਾਠ ਕਰਨ ਵਿਚ ਰੁਚੀ ਲੱਗਦੀ ਹੈ। ਇਹ ਅਵਸਥਾ ਉਦੋਂ ਪਤਾ ਲੱਗਦੀ ਹੈ ਜਦੋਂ ਅਰਦਾਸ ਬੇਨਤੀ ਕਰਕੇ ਪਾਠ ਅਰੰਭ ਕਰੀਦਾ ਹੈ। ਇਹ ਭਾਗਾਂ ਵਾਲਾ ਸਮਾਂ ਹੁੰਦਾ ਹੈ ਜਦੋਂ ਗੁਰੂ ਦੀ ਗੱਲ ਕਰਨ, ਸੁਣਨ ਅਤੇ ਅੰਤਰਮੁਖੀ ਰਹਿਣ ਨੂੰ ਜੀਅ ਕਰਦਾ ਹੈ। ਇਹ ਸਮਾਂ ਦਾਸ ਉਤੇ ਹੁਣ ਆਇਆ ਹੈ ਅਤੇ ਨਾਲ ਨਾਲ ਸੁਖਮਨੀ ਸਾਹਿਬ ਦੀ ਬਾਣੀ ਸੁਣ ਰਿਹਾਂ ਹਾਂ। ਗੁਰੂ ਜੀ ਦਾ ਹੁਕਮ ਹੈ "ਫਿਰਤ ਫਿਰਤ ਪ੍ਰਭੁ ਆਇਆ ਪਰਿਆ ਤਉ ਸਰਣਾਈ । ਨਾਨਕ ਕੀ ਪ੍ਰਭੁ ਬੇਨਤੀ ਆਪਣੀ ਭਗਤੀ ਲਾਇ॥"
ਹੁਣ ਬੱਸ ਜੀਅ ਕਰਦਾ ਹੈ ਕਿ ਬਾਕੀ ਸਾਰੇ ਕਰਮ ਕਾਂਡ ਤਿਆਗ ਕੇ ਵਾਹਿਗੁਰੂ ਵਾਹਿਗੁਰੂ ਦੀ ਧੁਨੀ ਵਿਚ ਮਸਤ ਹੋ ਜਾਵਾਂ, ਕਿਉਂਕਿ ਅਸਲੀ ਮਨੋਰਥ ਇਹ ਹੀ ਹੈ, ਕਿੰਨੇ ਜਨਮਾਂ ਤੋਂ ਪ੍ਰਮਾਤਮਾ ਤੋਂ ਵਿਛੜ ਕੇ ਲੰਘ ਗਏ ਹਨ, ਹੁਣ ਗੁਰੂ ਦੀ ਮਿਹਰ ਹੋਈ ਹੈ ਅਤੇ ਮਨ ਇਕਾਗਰਤਾ ਵਲ ਵਧ ਰਿਹਾ ਹੈ। "ਥਿਰ ਕਰ ਬੈਸੋ ਹਰਿ ਜਨ ਪਿਆਰੇ ਸਤਿਗੁਰ ਤੁਮਰੇ ਕਾਜ ਸਵਾਰੇ॥"
ਹੁਣ ਤਾਂ ਅਸਚਰਜਤਾ ਵਰਤ ਰਹੀ ਹੈ ਅਤੇ " ਜੋ ਬ੍ਰਹਿਮੰਡੇ ਸੋਈ ਪਿੰਡੇ॥" ਵਾਲੀ ਅਵਸਥਾ ਬਣ ਰਹੀ ਹੈ ਅਤੇ ਆਤਮਾ ਦਾ ਵਿਸਥਾਰ ਹੋ ਰਿਹਾ ਹੈ ਅਤੇ ਸੁੰਨ ਸਮਾਧੀ ਦੀ ਅਵਸਥਾ ਜਾਪ ਰਹੀ ਹੈ ਅਤੇ ਇੰਝ ਜਾਪ ਰਿਹਾ ਹੈ ਕਿ ਦੁਨੀਆਂ ਦਾ ਸਾਜਣਹਾਰਾ ਆਪ ਦਾਸ ਦੀ ਆਤਮਾ ਨੂੰ ਆਪਣੇ ਵੱਲ ਖਿੱਚ ਰਿਹਾ ਹੈ। ਇਹ ਉਸ ਵਾਹਿਗੁਰੂ ਦੀ ਮੇਹਰ ਹੈ ਮੇਰਾ ਕੋਈ ਪਿਛਲਾ ਕਰਮ ਚੰਗਾ ਕੀਤਾ ਹੋਇਆ ਸੀ ਕਿ ਦਾਸ ਨੂੰ ਸੋਝੀ ਗੁਰੂ ਨੇ ਬਖਸ਼ ਦਿੱਤੀ ਨਹੀਂ ਤਾਂ ਬਾਕੀ ਬਤਾ ਨਹੀਂ ਕਿੰਨੀ ਕੁ ਉਮਰ ਹੋਰ ਰਹਿੰਦੀ ਹੈ ਸਾਰੀ ਵਿਅਰਥ ਹੀ ਗੁਆ ਕੇ ਚਲਾ ਜਾਣਾ ਸੀ। ਹੁਣ ਗੁਰੂ ਉਤੇ ਮਾਣ ਮਹਿਸੂਸ ਹੋ ਰਿਹਾ ਹੈ ਜਿਸਨੇ ਆਪ ਆਪਣੀ ਮਿਹਰ ਕਰਕੇ ਆਪਣੇ ਚਰਨਾ ਨਾਲ ਜੋੜ ਲਿਆ ਹੈ । ਹੁਣ ਬੇਨਤੀ ਹੈ ਕਿ ਗੁਰੂ ਜੀ ਦਾਸ ਨੂੰ ਆਪਣੀ ਸਤਸੰਗਤ ਬਖਸ਼ੋ, ਨਾਮ ਦਾਨ ਬਖਸ਼ੋ, ਮਨ ਨੂੰ ਕਾਬੂ ਵਿਚ ਆਪ ਹੀ ਰੱਖੋ, ਕਿਸੇ ਦੀ ਨਿੰਦਾ ਨਾ ਕਰਵਾਉ, ਉਹ ਕੰਮ ਨਾ ਕਰਾਉਣੇ ਜੋ ਆਪ ਜੀ ਨੂੰ ਨਹੀਂ ਭਾਉਂਦੇ, ਉਸ ਜਗ੍ਹਾ ਨਾ ਲਿਜਾਵੀਂ ਜੋ ਆਪ ਨੂ ਨਹੀਂ ਭਾਉਂਦੀ, ਉਹ ਅਸਥਾਨ ਨਾ ਵਿਖਾਉਣੇ ਜੋ ਆਪ ਨੂੰ ਨਹੀਂ ਭਾਉਂਦੇ, ਉਹ ਖਾਣਾ ਨਾ ਖੁਆਉਣਾ ਜੋ ਆਪ ਜੀ ਨੂੰ ਨਹੀਂ ਭਾਉਂਦਾ। ਉਹ ਗੀਤ ਜਾਂ ਗੱਲਾਂ ਨਾ ਸੁਣਵਾਉਣੀਆਂ ਜੋ ਆਪ ਜੀ ਨੂੰ ਨਹੀਂ ਭਾਉਂਦੀਆਂ। ਉਹ ਬੋਲ ਨਾ ਬੁਲਾਉਣੇ ਜੋ ਆਪ ਜੀ ਨੂੰ ਨਹੀਂ ਭਾਉਂਦੇ ।
ਸਿਰਫ ਇਹ ਕੁਝ ਦਾਤ ਬਖਸ਼ੋ,
ਨਿਮਰਤਾ, ਸ਼ਹਿਣਸ਼ੀਲਤਾ, ਮਿੱਠਾ ਬੋਲਣਾ, ਸਿਮਰਨ, ਸੇਵਾ, ਸਬਰ, ਸੰਤੋਖ, ਸੁਕ੍ਰਿਤ, ਸਦਗੁਣ, ਧਾਰਮਿਕ ਜੀਵਨ, ਰਹਿਤ ਮਰਿਯਾਦਾ, ਨਿੱਡਰਤਾ, ਦਇਆ, ਇਮਾਨਦਾਰੀ, ਸੱਚਾਈ, ਭਲਾਈ, ਲੋਕ ਸੇਵਾ, ਬ੍ਰਹਮ ਗਿਆਨ ਅਤੇ ਸਥਿਰਤਾ।
ਆਪ ਜੀ ਦਾ ਸ਼ੁਕਰ ਹੈ ਜੀ,